ਬਠਿੰਡਾ ’ਚ ਸਰਹਿੰਦ ਨਹਿਰ ’ਤੇ ਛੱਠ ਪੂਜਾ ਲਈ ਉਮੜਿਆ ਸ਼ਰਧਾਲੂਆਂ ਦਾ ਸੈਲਾਬ
ਬਠਿੰਡਾ, 16 ਨਵੰਬਰ (ਵੀਰਪਾਲ ਸਿੰਘ)-ਸੂਰਜ ਦੇਵਤਾ ਅਤੇ ਛੱਠੀ ਮਈਆ ਦੀ ਅਰਾਧਨਾ ਦਾ ਮਹਾਨ ਤਿਉਹਾਰ ਛੱਠ ਪੂਜਾ ਬਠਿੰਡਾ ਵਿਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਵਿਚੋਂ ਲੰਘਦੀ ਸਰਹਿੰਦ ਨਹਿਰ ਦੇ ਕੰਢੇ ’ਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੀ ਭੀੜ ਉਮੜੀ।
ਬਠਿੰਡਾ, 16 ਨਵੰਬਰ (ਵੀਰਪਾਲ ਸਿੰਘ)-ਸੂਰਜ ਦੇਵਤਾ ਅਤੇ ਛੱਠੀ ਮਈਆ ਦੀ ਅਰਾਧਨਾ ਦਾ ਮਹਾਨ ਤਿਉਹਾਰ ਛੱਠ ਪੂਜਾ ਬਠਿੰਡਾ ਵਿਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਵਿਚੋਂ ਲੰਘਦੀ ਸਰਹਿੰਦ ਨਹਿਰ ਦੇ ਕੰਢੇ ’ਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੀ ਭੀੜ ਉਮੜੀ। ਖ਼ਾਸ ਤੌਰ ’ਤੇ ਪ੍ਰਵਾਸੀ ਪਰਿਵਾਰਾਂ ਦੀਆਂ ਔਰਤਾਂ ਨੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਛੱਠ ਮਈਆ ਦੀ ਪੂਜਾ ਕਰਦਿਆਂ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਚੰਗੀ ਸਿਹਤ ਲਈ ਅਰਦਾਸ ਕੀਤੀ। ਛੱਠ ਪੂਜਾ ਨੂੰ ਲੈ ਕੇ ਸ਼ਰਧਾਲੂ ਔਰਤਾਂ ਵਿਚ ਸਵੇਰ ਤੋਂ ਹੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਕਈ ਪਰਿਵਾਰ ਸਵੇਰੇ ਸਾਢੇ ਤਿੰਨ ਵਜੇ ਤੋਂ ਹੀ ਨਹਿਰ ਦੇ ਕੰਢੇ ਪਹੁੰਚਣੇ ਸ਼ੁਰੂ ਹੋ ਗਏ ਸਨ। ਸ਼ਾਮ ਹੁੰਦਿਆਂ-ਹੁੰਦਿਆਂ ਨਹਿਰ ਦੇ ਕੰਢੇ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਵਰਤ ਰੱਖਣ ਵਾਲੀਆਂ ਔਰਤਾਂ ਨੇ ਪੂਜਾ ਦੀਆਂ ਟੋਕਰੀਆਂ ਵਿਚ ਫ਼ਲ, ਗੰਨਾ, ਨਾਰੀਅਲ, ਠੇਕੂਆ ਅਤੇ ਹੋਰ ਰਵਾਇਤੀ ਪ੍ਰਸ਼ਾਦ ਸਜਾਕੇ ਸੂਰਜ ਦੇਵਤਾ ਦੀ ਅਰਾਧਨਾ ਕੀਤੀ। ਇਸ ਮੌਕੇ ਪ੍ਰਸ਼ਾਸਨ ਵਲੋਂ ਸ਼ਰਧਾਲੂ ਵਾਲੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਛੱਠ ਪੂਜਾ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਤਿਉਹਾਰ ਵਿਚ ਸੂਰਜ ਦੇਵਤਾ ਨੂੰ ਡੁੱਬਦੇ ਅਤੇ ਚੜ੍ਹਦੇ ਦੋਵੇਂ ਸਮੇਂ ਅਰਘ ਦਿੱਤਾ ਜਾਂਦਾ ਹੈ। ਸ਼ਾਮ ਸਮੇਂ ਸ਼ਰਧਾਲੂਆਂ ਨੇ ਡੁੱਬਦੇ ਸੂਰਜ ਨੂੰ ਪਾਣੀ ਵਿਚ ਖੜ੍ਹੇ ਹੋ ਕੇ ਅਰਘ ਭੇਟ ਕੀਤਾ ਅਤੇ ਛੱਠੀ ਮਈਆ ਅੱਗੇ ਪਰਿਵਾਰ ਦੀ ਤੰਦਰੁਸਤੀ ਅਤੇ ਸੰਤਾਨ ਦੀ ਲੰਬੀ ਉਮਰ ਲਈ ਮੰਗਲ ਕਾਮਨਾ ਕੀਤੀ। ਇਸ ਮੌਕੇ ਘਰਾਂ ਵਿਚ ਵੀ ਛੱਠ ਪੂਜਾ ਲਈ ਵੱਖ-ਵੱਖ ਤਰ੍ਹਾਂ ਦੇ ਰਵਾਇਤੀ ਪਕਵਾਨ ਤਿਆਰ ਕੀਤੇ ਗਏ। ਔਰਤਾਂ ਵਲੋਂ ਛੱਠ ਮਈਆ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ। ਧਾਰਮਿਕ ਮਾਹੌਲ ਅਤੇ ਸ਼ਰਧਾ ਨਾਲ ਭਰੇ ਇਸ ਤਿਉਹਾਰ ਨੇ ਬਠਿੰਡਾ ਵਿਚ ਪ੍ਰਵਾਸੀ ਭਾਈਚਾਰੇ ਦੀ ਸੱਭਿਆਚਾਰਕ ਅਤੇ ਧਾਰਮਿਕ ਸਾਂਝ ਦੀ ਖੂਬਸੂਰਤ ਤਸਵੀਰ ਪੇਸ਼ ਕੀਤੀ।