ਬਠਿੰਡਾ ਦੀ ਹਵਾ ਹੋਈ ਜ਼ਹਿਰੀਲੀ, ਏਕਿਊਆਈ 331 ’ਤੇ ਪੁੱਜਿਆ, ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ
ਬਠਿੰਡਾ, 15 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਝੋਨੇ ਦੀ ਵਾਢੀ ਮਗਰੋਂ ਲਗਾਤਾਰ ਪਰਾਲੀ ਦੀ ਅੱਗ ਲਗਾਏ ਜਾਣ ਦੇ ਚੱਲਦਿਆਂ ਬਠਿੰਡਾ ਦੀ ਹਵਾ ਦਾ ਮਿਜ਼ਾਜ ਆਏ ਦਿਨ ਵਿਗੜਦਾ ਜਾ ਰਿਹਾ ਹੈ। ਜ਼ਿਲ੍ਹੇ ਵਿਚ ਹਵਾ ਪ੍ਰਦੂਸ਼ਣ ਇਸ ਕਦਰ ਵਧ ਗਿਆ ਕਿ ਹੁਣ ਸਾਹ ਲੈਣਾ ਵੀ ਸਿਹਤ ਲਈ ਖ਼ਤਰੇ ਤੋਂ ਖਾਲੀ ਨਹੀਂ ਰਿਹਾ।
ਬਠਿੰਡਾ, 15 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਝੋਨੇ ਦੀ ਵਾਢੀ ਮਗਰੋਂ ਲਗਾਤਾਰ ਪਰਾਲੀ ਦੀ ਅੱਗ ਲਗਾਏ ਜਾਣ ਦੇ ਚੱਲਦਿਆਂ ਬਠਿੰਡਾ ਦੀ ਹਵਾ ਦਾ ਮਿਜ਼ਾਜ ਆਏ ਦਿਨ ਵਿਗੜਦਾ ਜਾ ਰਿਹਾ ਹੈ। ਜ਼ਿਲ੍ਹੇ ਵਿਚ ਹਵਾ ਪ੍ਰਦੂਸ਼ਣ ਇਸ ਕਦਰ ਵਧ ਗਿਆ ਕਿ ਹੁਣ ਸਾਹ ਲੈਣਾ ਵੀ ਸਿਹਤ ਲਈ ਖ਼ਤਰੇ ਤੋਂ ਖਾਲੀ ਨਹੀਂ ਰਿਹਾ। ਅੱਜ ਸ਼ਾਮ ਨੂੰ ਬਠਿੰਡਾ ਦਾ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 331 ਦਰਜ ਕੀਤਾ ਗਿਆ, ਜੋ ਖ਼ਤਰਨਾਕ ਸ਼੍ਰੇਣੀ ਵਿਚ ਆਉਂਦਾ ਹੈ। ਹਵਾ ਪ੍ਰਦੂਸ਼ਣ ਦੀ ਵਧਦੀ ਮਾਤਰਾ ਨੇ ਸ਼ਹਿਰ ਵਾਸੀਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।ਇਹੀ ਨਹੀਂ, ਹਵਾ ਪ੍ਰਦੂਸ਼ਣ ਦੇ ਮਾਮਲੇ ਵਿਚ ਬਠਿੰਡਾ ਸੂਬੇ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਿਆ।ਹਵਾ ਦੀ ਗੁਣਵੱਤਾ ਸੰਬੰਧੀ ਉਪਲਬਧ ਅੰਕੜਿਆਂ ਮੁਤਾਬਿਕ ਬਠਿੰਡਾ ਵਿਚ ਪੀ.ਐਮ.2.5 ਦਾ ਪੱਧਰ 284 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਅਤੇ ਪੀ.ਐਮ.10 ਦਾ ਪੱਧਰ 342 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਕਾਰਬਨ ਮੋਨੋਆਕਸਾਈਡ 666 ਪੀ.ਪੀ.ਬੀ., ਸਲਫ਼ਰ ਡਾਈਆਕਸਾਈਡ 4 ਪੀ.ਪੀ . ਬੀ., ਨਾਈਟ੍ਰੋਜਨ ਡਾਈਆਕਸਾਈਡ 10 ਪੀ.ਪੀ.ਬੀ. ਅਤੇ ਓਜ਼ੋਨ 4 ਪੀ.ਪੀ.ਬੀ. ਦਰਜ ਕੀਤਾ ਗਿਆ।ਹੈਰਾਨੀ ਦੀ ਗੱਲ ਇਹ ਹੈ ਕਿ 14 ਨਵੰਬਰ ਦੀ ਸ਼ਾਮ ਤੋਂ 15 ਨਵੰਬਰ ਤੱਕ ਦੇ ਗ੍ਰਾਫ਼ ਵਿਚ ਹਵਾ ਪ੍ਰਦੂਸ਼ਣ ਨੇ ਰਾਤ ਸਮੇਂ ਬੇਹੱਦ ਉੱਚਾ ਪੱਰ ਛੂਹਿਆ ਹੈ। ਰਾਤ 1 ਵੱਜ ਕੇ 1 ਮਿੰਟ ‘ਤੇ ਏਕਿਊਆਈ ਦਾ ਪੱਧਰ ਵੱਧ ਤੋਂ ਵੱਧ 1428 ਤੱਕ ਪੁੱਜ ਗਿਆ ਸੀ, ਜਦਕਿ ਸ਼ਾਮ 5 ਵੱਜ ਕੇ 31 ਮਿੰਟ ‘ਤੇ ਘੱਟੋ-ਘੱਟ 299 ਦਰਜ ਕੀਤਾ ਗਿਆ। ਹਾਲਾਂਕਿ ਮੌਜੂਦਾ ਲਾਈਵ ਅੰਕੜਾ 331 ਹੈ।ਇਸ ਸਮੇਂ ਸ਼ਹਿਰ ਦਾ ਮੌਜੂਦਾ ਤਾਪਮਾਨ 23 ਡਿਗਰੀ ਸੈਲਸੀਅਸ, ਨਮੀ 40 ਫ਼ੀਸਦੀ ਅਤੇ ਹਵਾ ਦੀ ਰਫ਼ਤਾਰ 8.6 ਕਿੱਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ। ਹਵਾ ਵਿਚ ਧੂੰਏਂ ਅਤੇ ਧੁੰਦ ਦੀ ਚਾਦਰ ਛਾਈ ਹੋਈ ਹੈ। ਅਜਿਹੇ ਹਾਲਾਤ ਵਿਚ ਸਿਹਤ ਵਿਭਾਗ ਦੇ ਮੁਲਾਜ਼ਮਾਂ ਵਲੋਂ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਨੂੰ ਖ਼ਾਸ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ।