ਵਾਰ-ਵਾਰ ਪੰਜਾਬ ਬੰਦ ਦੀਆਂ ਕਾਲਾਂ ਤੋਂ ਵਪਾਰੀ ਹੋਏ ਪ੍ਰੇਸ਼ਾਨ, ਅੱਜ ਬੰਦ ਦਾ ਨਹੀਂ ਦਿਖਿਆ ਕੋਈ ਖ਼ਾਸ ਅਸਰ
ਰਾਮਾਂ ਮੰਡੀ, 27 ਅਗਸਤ (ਤਰਸੇਮ ਸਿੰਗਲਾ)- ਵੱਖ-ਵੱਖ ਜਥੇਬੰਦੀਆਂ ਵਲੋਂ ਆਪਣੇ ਸੰਘਰਸ਼ਾਂ ਦੇ ਸਬੰਧ ਵਿਚ ਵਾਰ-ਵਾਰ ਪੰਜਾਬ ਬੰਦ ਦੀਆਂ ਕਾਲਾਂ ਦਿੱਤੇ ਜਾਣ ਕਾਰਨ ਵਪਾਰੀ ਵਰਗ ਵਿਚ ਰੋਸ ਅਤੇ ਚਿੰਤਾ ਵਧਦੀ ਜਾ ਰਹੀ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਮਹਿੰਗਾਈ, ਟੈਕਸਾਂ, ਮੰਦੀ ਅਤੇ ਹੋਰ ਕਈ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਅਜਿਹੇ ਵਿਚ ਵਾਰ-ਵਾਰ ਦੁਕਾਨਾਂ ਬੰਦ ਕਰਨ ਲਈ ਮਜਬੂਰ ਹੋਣਾ ਕਾਰੋਬਾਰ ਨੂੰ ਹੋਰ ਪ੍ਰਭਾਵਿਤ ਕਰਦਾ ਹੈ।
ਰਾਮਾਂ ਮੰਡੀ, 27 ਅਗਸਤ (ਤਰਸੇਮ ਸਿੰਗਲਾ)- ਵੱਖ-ਵੱਖ ਜਥੇਬੰਦੀਆਂ ਵਲੋਂ ਆਪਣੇ ਸੰਘਰਸ਼ਾਂ ਦੇ ਸਬੰਧ ਵਿਚ ਵਾਰ-ਵਾਰ ਪੰਜਾਬ ਬੰਦ ਦੀਆਂ ਕਾਲਾਂ ਦਿੱਤੇ ਜਾਣ ਕਾਰਨ ਵਪਾਰੀ ਵਰਗ ਵਿਚ ਰੋਸ ਅਤੇ ਚਿੰਤਾ ਵਧਦੀ ਜਾ ਰਹੀ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਮਹਿੰਗਾਈ, ਟੈਕਸਾਂ, ਮੰਦੀ ਅਤੇ ਹੋਰ ਕਈ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਅਜਿਹੇ ਵਿਚ ਵਾਰ-ਵਾਰ ਦੁਕਾਨਾਂ ਬੰਦ ਕਰਨ ਲਈ ਮਜਬੂਰ ਹੋਣਾ ਕਾਰੋਬਾਰ ਨੂੰ ਹੋਰ ਪ੍ਰਭਾਵਿਤ ਕਰਦਾ ਹੈ। ਅੱਜ ਪਟਵਾਰਖ਼ਾਨਾ, ਸਿਵਲ ਹਸਪਤਾਲ, ਸਫ਼ਾਈ ਕਰਮਚਾਰੀਆਂ ਛੁੱਟੀ ਤੇ ਰਹੇ। ਇਸ ਸਬੰਧੀ ਰਾਮਾਂ ਵਪਾਰ ਮੰਡਲ ਦੇ ਪ੍ਰਧਾਨ ਮਹੇਸ਼ ਬਿੰਦਲ ਨੇ ਕਿਹਾ ਕਿ ਵਪਾਰੀ ਸਰਕਾਰਾਂ ਬਣਾਉਣ ਲਈ ਮੋਟਾ ਫ਼ੰਡ ਅਤੇ ਚਲਾਉਣ ਲਈ ਸਰਕਾਰਾਂ ਨੂੰ ਵੱਡੀ ਮਾਤਰਾ ਵਿਚ ਟੈਕਸ ਵੀ ਅਦਾ ਕਰਦੇ ਹਨ। ਇਸ ਦੇ ਬਾਵਜੂਦ ਜਦੋਂ ਵਪਾਰੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਦੀਆਂ ਮੁਸ਼ਕਿਲਾਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਹਮੇਸ਼ਾ ਸ਼ਾਂਤੀ ਅਤੇ ਭਾਈਚਾਰਕ ਮਾਹੌਲ ਨੂੰ ਪਹਿਲ ਦਿੰਦਾ ਹੈ ਅਤੇ ਧਰਨੇ-ਮੁਜ਼ਾਹਰਿਆਂ ਤੋਂ ਆਮ ਤੌਰ ‘ਤੇ ਗੁਰੇਜ਼ ਕਰਦਾ ਹੈ। ਪਰ ਵੱਖ-ਵੱਖ ਜਥੇਬੰਦੀਆਂ ਵਲੋਂ ਆਪਣੇ ਸੰਘਰਸ਼ਾਂ ਲਈ ਵਾਰ-ਵਾਰ ‘ਪੰਜਾਬ ਬੰਦ’ ਦੀ ਕਾਲ ਦੇਣ ਨਾਲ ਇਸ ਦਾ ਸਿੱਧਾ ਅਸਰ ਦੁਕਾਨਦਾਰਾਂ ਅਤੇ ਵਪਾਰੀਆਂ ਦੇ ਕਾਰੋਬਾਰ ‘ਤੇ ਪੈਂਦਾ ਹੈ। ਮਹੇਸ਼ ਬਿੰਦਲ ਨੇ ਕਿਹਾ ਕਿ ਅੱਜ ਮੁਲਾਜ਼ਮ ਜਥੇਬੰਦੀਆਂ ਵਲੋਂ ਦਿੱਤੀ ਪੰਜਾਬ ਬੰਦ ਦੀ ਕਾਲ ਦੇ ਮੱਦੇਨਜ਼ਰ ਕਰਿਆਨਾ ਐਸੋਸੀਏਸ਼ਨ ਵਲੋਂ ਬੰਦ ਵਿਚ ਸ਼ਾਮਿਲ ਨਾ ਹੋਣ ਦਾ ਪੰਜਾਬ ਪੱਧਰ ਤੇ ਫ਼ੈਸਲਾ ਲਿਆ ਗਿਆ। ਇਸ ਕਾਰਨ ਰਾਮਾਂ ਮੰਡੀ ਵਿਚ ਆਮ ਵਾਂਗ ਦੁਕਾਨਾਂ ਖੁੱਲ੍ਹੀਆਂ ਰਹੀਆਂ ਅਤੇ ਬੰਦ ਦਾ ਕੋਈ ਅਸਰ ਦਿਖਾਈ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਵਾਰ-ਵਾਰ ਕਾਰੋਬਾਰ ਬੰਦ ਕਰਨ ਲਈ ਮਜਬੂਰ ਕਰਨ ਦੀ ਬਜਾਏ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਥੇਬੰਦੀਆਂ ਦੀਆਂ ਮੰਗਾਂ ਦਾ ਢੁਕਵਾਂ ਹੱਲ ਕੱਢਣਾ ਚਾਹੀਦਾ ਹੈ, ਤਾਂ ਜੋ ਪੰਜਾਬ ਦਾ ਵਪਾਰ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰ ਤੋਂ ਵਪਾਰੀਆਂ ਨੂੰ ਸੁਖਾਵਾਂ ਅਤੇ ਸੁਰੱਖਿਅਤ ਕਾਰੋਬਾਰੀ ਮਾਹੌਲ ਦੇਣ ਦੀ ਮੰਗ ਵੀ ਕੀਤੀ ਹੈ।