ਬਠਿੰਡਾ ਨਗਰ ਨਿਗਮ ਦੇ ਟੈਂਡਰਾਂ ’ਚ ਕਰੋੜਾਂ ਦੇ ਘਪਲੇ ਦੇ ਦੋਸ਼, ਠੇਕੇਦਾਰਾਂ ਨੇ ਨਿਗਮ ਕਮਿਸ਼ਨਰ ਨੂੰ ਸੌਂਪਿਆ ਮੰਗ-ਪੱਤਰ
ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ
ਬਠਿੰਡਾ, 17 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਮਿਉਂਸੀਪਲ ਕਾਰਪੋਰੇਸ਼ਨ ਵਿਚ ਇੰਟਰਲਾਕਿੰਗ ਟਾਈਲਾਂ ਅਤੇ ਸੜਕਾਂ ਦੇ ਕਰੋੜਾਂ ਰੁਪਏ ਦੇ ਟੈਂਡਰਾਂ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਪਿਛਲੇ 30-40 ਸਾਲਾਂ ਤੋਂ ਨਿਗਮ ਵਿਚ ਕੰਮ ਕਰ ਰਹੇ ਠੇਕੇਦਾਰਾਂ ਨੇ ਕਮਿਸ਼ਨਰ ਨੂੰ ਲਿਖਤੀ ਮੰਗ ਪੱਤਰ ਦੇ ਕੇ ਦੋਸ਼ ਲਗਾਇਆ ਹੈ ਕਿ ਟੈਂਡਰ ਪ੍ਰਕਿਰਿਆ ਨੂੰ ਜਾਣ ਬੁੱਝ ਕੇ ਰੱਦ ਕਰਕੇ ਵੱਡੇ ਪੈਕੇਜ ਬਣਾਏ ਜਾ ਰਹੇ ਹਨ, ਤਾਂ ਜੋ ਕੁੱਝ ਚਹੇਤੇ ਠੇਕੇਦਾਰਾਂ ਨੂੰ ਬਿਨ੍ਹਾਂ ਅਸਲ ਮੁਕਾਬਲੇ ਦੇ ਕੰਮ ਦਿੱਤੇ ਜਾ ਸਕਣ।
ਬਠਿੰਡਾ, 17 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਮਿਉਂਸੀਪਲ ਕਾਰਪੋਰੇਸ਼ਨ ਵਿਚ ਇੰਟਰਲਾਕਿੰਗ ਟਾਈਲਾਂ ਅਤੇ ਸੜਕਾਂ ਦੇ ਕਰੋੜਾਂ ਰੁਪਏ ਦੇ ਟੈਂਡਰਾਂ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਪਿਛਲੇ 30-40 ਸਾਲਾਂ ਤੋਂ ਨਿਗਮ ਵਿਚ ਕੰਮ ਕਰ ਰਹੇ ਠੇਕੇਦਾਰਾਂ ਨੇ ਕਮਿਸ਼ਨਰ ਨੂੰ ਲਿਖਤੀ ਮੰਗ ਪੱਤਰ ਦੇ ਕੇ ਦੋਸ਼ ਲਗਾਇਆ ਹੈ ਕਿ ਟੈਂਡਰ ਪ੍ਰਕਿਰਿਆ ਨੂੰ ਜਾਣ ਬੁੱਝ ਕੇ ਰੱਦ ਕਰਕੇ ਵੱਡੇ ਪੈਕੇਜ ਬਣਾਏ ਜਾ ਰਹੇ ਹਨ, ਤਾਂ ਜੋ ਕੁੱਝ ਚਹੇਤੇ ਠੇਕੇਦਾਰਾਂ ਨੂੰ ਬਿਨ੍ਹਾਂ ਅਸਲ ਮੁਕਾਬਲੇ ਦੇ ਕੰਮ ਦਿੱਤੇ ਜਾ ਸਕਣ। ਠੇਕੇਦਾਰਾਂ ਦਾ ਕਹਿਣਾ ਹੈ ਕਿ 17 ਅਗਸਤ ਨੂੰ ਇੰਟਰਲਾਕਿੰਗ ਟਾਈਲਾਂ ਦੇ ਟੈਂਡਰ ਭਰੇ ਜਾਣ ਤੋਂ ਬਾਅਦ ਮੌਕੇ ‘ਤੇ ਹੀ ਟੈਂਡਰ ਰੱਦ ਕਰ ਦਿੱਤੇ ਗਏ। ਉਨ੍ਹਾਂ ਦੇ ਅਨੁਸਾਰ ਇਹ ਕੋਈ ਤਕਨੀਕੀ ਕਾਰਨ ਨਹੀਂ, ਸਗੋਂ ਇਕ ਸੋਚੀ-ਸਮਝੀ ਰਣਨੀਤੀ ਹੈ, ਜਿਸ ਤਹਿਤ ਛੋਟੇ ਠੇਕੇਦਾਰਾਂ ਨੂੰ ਪ੍ਰਕਿਰਿਆ ਤੋਂ ਬਾਹਰ ਕਰਕੇ ਕਰੋੜਾਂ ਦੇ ਇਕਮੁਸ਼ਤ ਟੈਂਡਰ ਜਾਰੀ ਕੀਤੇ ਜਾਣਗੇ। ਠੇਕੇਦਾਰਾਂ ਵਲੋਂ ਨਗਰ ਨਿਗਮ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਪਹਿਲਾਂ ਜਾਰੀ ਹੋਏ 63 ਕਰੋੜ ਰੁਪਏ ਦੇ ਇਕ ਟੈਂਡਰ ਕਾਰਨ ਲਗਭਗ 6 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ 3 ਸਤੰਬਰ 2026 ਨੂੰ ਵੱਖ-ਵੱਖ ਸੜਕਾਂ ਲਈ 32 ਕਰੋੜ ਰੁਪਏ ਦਾ ਟੈਂਡਰ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿਚ 1.5 ਤੋਂ 2 ਕਰੋੜ ਰੁਪਏ ਦੇ ਸੰਭਾਵਿਤ ਨੁਕਸਾਨ ਦਾ ਖ਼ਦਸ਼ਾ ਜਤਾਇਆ ਗਿਆ ਹੈ। ਠੇਕੇਦਾਰਾਂ ਨੇ ਕਿਹਾ ਕਿ ਉਹ ਦਹਾਕਿਆਂ ਤੋਂ ਨਿਗਮ ਨਾਲ ਜੁੜੇ ਹੋਏ ਹਨ, ਪਰ ਹੁਣ ਨਵੀਂ ਨੀਤੀ ਕਾਰਨ ਉਨ੍ਹਾਂ ਦਾ ਰੋਜ਼ਗਾਰ ਖ਼ਤਰੇ ਵਿਚ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੁਝ ਅਧਿਕਾਰੀ ਰਾਜਨੀਤਿਕ ਦਬਾਅ ਹੇਠ ਕੰਮ ਕਰ ਰਹੇ ਹਨ ਅਤੇ ਇਸ ਦੇ ਨਤੀਜੇ ਵਜੋਂ ਪਾਰਦਰਸ਼ੀ ਟੈਂਡਰ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ। ਠੇਕੇਦਾਰਾਂ ਨੇ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇੰਟਰਲਾਕਿੰਗ ਅਤੇ ਸੜਕਾਂ ਨਾਲ ਸਬੰਧਿਤ ਸਾਰੇ ਵਿਵਾਦਿਤ ਟੈਂਡਰਾਂ ਦੀ ਸੀ.ਬੀ.ਆਈ. ਤੋਂ ਨਿਰਪੱਖ ਜਾਂਚ ਕਰਵਾਈ ਜਾਵੇ, ਰੱਦ ਕੀਤੇ ਗਏ ਟੈਂਡਰਾਂ ਦੀ ਪੂਰੀ ਪੜਤਾਲ ਕੀਤੀ ਜਾਵੇ ਅਤੇ ਭਵਿੱਖ ਵਿਚ ਸਾਰੇ ਕੰਮ ਪਾਰਦਰਸ਼ੀ ਅਤੇ ਖੁੱਲ੍ਹੇ ਮੁਕਾਬਲੇ ਦੇ ਆਧਾਰ ‘ਤੇ ਅਲਾਟ ਕੀਤੇ ਜਾਣ। ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਲਵਜੀਤ ਕਲਸੀ ਨੇ ਦੱਸਿਆ ਕਿ ਉਨ੍ਹਾਂ ਕੋਲ ਠੇਕੇਦਾਰਾਂ ਵਲੋਂ ਸ਼ਿਕਾਇਤ ਦਿੱਤੀ ਗਈ ਹੈ, ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।