ਰੈਗਿੰਗ ਰੋਕਣ ਸੰਬੰਧੀ ਸਹੁੰ ਚੁੱਕਦੇ ਯੂਨੀਵਰਸਿਟੀ ਦੇ ਵਿਦਿਆਰਥੀ।
ਅਕਾਲ ਯੂਨੀਵਰਸਿਟੀ ਵਿਖੇ ‘ਐਂਟੀ-ਰੈਗਿੰਗ ਦਿਵਸ’ ਉਤਸ਼ਾਹ ਨਾਲ ਮਨਾਇਆ
ਤਲਵੰਡੀ ਸਾਬੋ, 12 ਅਗਸਤ (ਰਣਜੀਤ ਸਿੰਘ ਰਾਜੂ)- ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵਲੋਂ ਯੂਨੀਵਰਸਿਟੀ ਦੇ ਉੱਪ ਕੁਲਪਤੀ ਪ੍ਰੋ. ਗੁਰਮੇਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੂਨੀਵਰਸਿਟੀ ਕੈਂਪਸ ਵਿਖੇ ‘ਐਂਟੀ-ਰੈਗਿੰਗ ਦਿਵਸ’ ਮਨਾਇਆ ਗਿਆ।
ਤਲਵੰਡੀ ਸਾਬੋ, 12 ਅਗਸਤ (ਰਣਜੀਤ ਸਿੰਘ ਰਾਜੂ)- ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵਲੋਂ ਯੂਨੀਵਰਸਿਟੀ ਦੇ ਉੱਪ ਕੁਲਪਤੀ ਪ੍ਰੋ. ਗੁਰਮੇਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੂਨੀਵਰਸਿਟੀ ਕੈਂਪਸ ਵਿਖੇ ‘ਐਂਟੀ-ਰੈਗਿੰਗ ਦਿਵਸ’ ਮਨਾਇਆ ਗਿਆ। ਯੂਨੀਵਰਸਿਟੀ ਪ੍ਰਬੰਧਕਾਂ ਅਨੁਸਾਰ ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੈਗਿੰਗ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਅਕਾਦਮਿਕ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਕੈਂਪਸ ਵਿਚ ਸੁਰੱਖਿਅਤ ਤੇ ਸਨਮਾਨ ਵਾਲਾ ਮਾਹੌਲ ਬਣਾਏ ਰੱਖਣਾ ਸੀ। ਪ੍ਰੋਗਰਾਮ ਦਾ ਸੰਚਾਲਨ ਡੀਨ ਵਿਦਿਆਰਥੀ ਭਲਾਈ ਡਾ. ਜਨਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਹੋਇਆ ਜਿਸ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦੌਰਾਨ ਉੱਪ ਕੁਲਪਤੀ ਪ੍ਰੋ. ਗੁਰਮੇਲ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੇ ਰੈਗਿੰਗ ਵਿਰੋਧੀ ਸਹੁੰ ਚੁੱਕੀ ਅਤੇ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਰੈਗਿੰਗ-ਮੁਕਤ ਰੱਖਣ ਦਾ ਪ੍ਰਣ ਲਿਆ ਵਿਦਿਆਰਥੀਆਂ ਨੂੰ ਯੂ.ਜੀ.ਸੀ. ਦੇ ਨਿਯਮਾਂ ਅਤੇ ਯੂਨੀਵਰਸਿਟੀ ਦੀ ਰੈਗਿੰਗ ਪ੍ਰਤੀ ‘ਜ਼ੀਰੋ-ਟੋਲਰੈਂਸ’ ਨੀਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ, ਸਾਰੇ ਵਿਦਿਆਰਥੀਆਂ ਨੂੰ ਯੂ.ਜੀ.ਸੀ. ਦੇ ਐਂਟੀ-ਰੈਗਿੰਗ ਪੋਰਟਲ ‘ਤੇ ਆਪਣਾ ਅੰਡਰਟੇਕਿੰਗ ਫਾਰਮ ਭਰਨ ਲਈ ਪ੍ਰੇਰਿਤ ਕੀਤਾ ਗਿਆ। ਡਾ. ਜਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪਹਿਲਕਦਮੀ ਵਿਦਿਆਰਥੀਆਂ ਵਿਚ ਆਪਸੀ ਸਤਿਕਾਰ, ਹਮਦਰਦੀ, ਅਨੁਸ਼ਾਸਨ ਅਤੇ ਜ਼ਿੰਮੇਵਾਰ ਵਿਵਹਾਰ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ। ਵਿਦਿਆਰਥੀਆਂ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਰੈਗਿੰਗ ਨਾਲ ਸਬੰਧਿਤ ਚਿੰਤਾ ਬਾਰੇ ਤੁਰੰਤ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸੂਚਿਤ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।