ਮੁਸਾਫ਼ਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਲੈਟਫਾਰਮਾਂ, ਟਰੇਨਾਂ ਅਤੇ ਪਾਰਕਿੰਗ ਏਰੀਆ ਦੀ ਲਈ ਗਈ ਬਾਰੀਕੀ ਨਾਲ ਤਲਾਸ਼ੀ
ਫ਼ਿਰੋਜ਼ਪੁਰ, 20 ਨਵੰਬਰ (ਰਾਕੇਸ਼ ਚਾਵਲਾ)-ਮਾਨਯੋਗ ਸਪੈਸ਼ਲ ਡੀ. ਜੀ.
ਫ਼ਿਰੋਜ਼ਪੁਰ, 20 ਨਵੰਬਰ (ਰਾਕੇਸ਼ ਚਾਵਲਾ)-ਮਾਨਯੋਗ ਸਪੈਸ਼ਲ ਡੀ.ਜੀ.ਪੀ. ਰੇਲਵੇ ਪੰਜਾਬ ਡਾ.ਜਤਿੰਦਰ ਜੈਨ (ਆਈ.ਪੀ.ਐੱਸ.) ਅਤੇ ਡੀ.ਐੱਸ.ਪੀ. ਜ਼ੋਨਲ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ 20 ਨਵੰਬਰ 2026 ਨੂੰ ਥਾਣਾ ਜੀ.ਆਰ.ਪੀ. ਫ਼ਿਰੋਜ਼ਪੁਰ ਵਲੋਂ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਕੈਂਟ ਵਿਖੇ ਵਿਸ਼ੇਸ਼ ‘ਪੈਸੰਜਰ ਅਵੇਅਰਨੈੱਸ ਅਤੇ ਸਰਚ ਅਪ੍ਰੇਸ਼ਨ’ ਚਲਾਇਆ ਗਿਆ। ਟਰੇਨਾਂ ਵਿਚ ਮੁਸਾਫ਼ਰਾਂ ਦੀ ਵੱਧ ਰਹੀ ਭੀੜ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਇਹ ਵਿਸ਼ੇਸ਼ ਚੈਕਿੰਗ ਮੁਹਿੰਮ ਅਮਲ ਵਿਚ ਲਿਆਂਦੀ ਗਈ। ਥਾਣਾ ਜੀ.ਆਰ.ਪੀ. ਫ਼ਿਰੋਜ਼ਪੁਰ ਦੇ ਮੁੱਖ ਅਫ਼ਸਰ ਜਤਿੰਦਰ ਸਿੰਘ ਅਤੇ ਇੰਸਪੈਕਟਰ ਕ੍ਰਿਸ਼ਨ ਅਰੋੜਾ ਦੀ ਅਗਵਾਈ ਹੇਠ ਪੁਲਿਸ ਟੀਮਾਂ ਵਲੋਂ ਸਟੇਸ਼ਨ ਦੇ ਪਲੈਟਫਾਰਮਾਂ, ਆਉਣ-ਜਾਣ ਵਾਲੀਆਂ ਟਰੇਨਾਂ, ਵੇਟਿੰਗ ਏਰੀਆ, ਮੋਟਰਸਾਈਕਲ ਪਾਰਕਿੰਗ, ਐਂਟਰੀ ਅਤੇ ਐਗਜ਼ਿਟ ਗੇਟਾਂ ਸਮੇਤ ਸਟੇਸ਼ਨ ਦੇ ਬਾਹਰ ਖੜ੍ਹੀਆਂ ਕਾਰਾਂ ਅਤੇ ਮੋਟਰਸਾਈਕਲਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਪੁਲਿਸ ਵਲੋਂ ਕੁੱਝ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਦੇ ਸਾਮਾਨ ਅਤੇ ਬੈਗਾਂ ਆਦਿ ਦੀ ਵੀ ਤਲਾਸ਼ੀ ਲਈ ਗਈ। ਹਾਲਾਂਕਿ, ਇਸ ਪੂਰੇ ਤਲਾਸ਼ੀ ਅਭਿਆਨ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਚੈਕਿੰਗ ਦੇ ਨਾਲ-ਨਾਲ ਪੁਲਿਸ ਵਲੋਂ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਸੁਰੱਖਿਆ ਪ੍ਰਤੀ ਜਾਗਰੂਕ ਵੀ ਕੀਤਾ ਗਿਆ। ਮੁੱਖ ਅਫ਼ਸਰ ਜਤਿੰਦਰ ਸਿੰਘ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਟਰੇਨਾਂ ਜਾਂ ਪਲੈਟਫਾਰਮਾਂ ’ਤੇ ਕੋਈ ਵੀ ਸ਼ੱਕੀ ਵਿਅਕਤੀ ਜਾਂ ਕੋਈ ਲਾਵਾਰਿਸ ਚੀਜ਼, ਬੈਗ ਜਾਂ ਸਾਮਾਨ ਨਜ਼ਰ ਆਉਂਦਾ ਹੈ, ਤਾਂ ਤੁਰੰਤ ਇਸ ਦੀ ਸੂਚਨਾ ਨਜ਼ਦੀਕੀ ਰੇਲਵੇ ਸਟੇਸ਼ਨ ’ਤੇ ਮੌਜੂਦ ਥਾਣਾ ਜੀ.ਆਰ.ਪੀ. ਜਾਂ ਆਰ.ਪੀ.ਐੱਫ. ਨੂੰ ਦਿੱਤੀ ਜਾਵੇ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਸਮੇਂ ਸਿਰ ਰੋਕਿਆ ਜਾ ਸਕੇ।