ਕੌਮਾਂਤਰੀ ਸਰਹੱਦ ’ਤੇ ਡਰੋਨ ਗਤੀਵਿਧੀ ਤੋਂ ਬਾਅਦ ਬੀ.ਐੱਸ.ਐੱਫ. ਵਲੋਂ ਦੋ ਵੱਖ-ਵੱਖ ਥਾਵਾਂ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
ਫ਼ਿਰੋਜ਼ਪੁਰ, 14 ਨਵੰਬਰ(ਗੁਰਿੰਦਰ ਸਿੰਘ)-ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਦਰਮਿਆਨ ਸੀਮਾ ਸੁਰੱਖਿਆ ਬਲ (ਬੀ. ਐੱਸ.
ਫ਼ਿਰੋਜ਼ਪੁਰ, 14 ਨਵੰਬਰ(ਗੁਰਿੰਦਰ ਸਿੰਘ)-ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਦਰਮਿਆਨ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ) ਦੇ ਜਵਾਨਾਂ ਨੇ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਉਂਦਿਆਂ ਦੋ ਸ਼ੱਕੀ ਪੈਕਟ ਬਰਾਮਦ ਕੀਤੇ ਹਨ। ਜਿਨ੍ਹਾਂ ਵਿਚੋਂ ਕੁੱਲ 2 ਕਿਲੋ 37 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੋਵੇਂ ਬਰਾਮਦਗੀਆਂ ਸਬੰਧੀ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਨ.ਡੀ.ਪੀ.ਐੱਸ ਐਕਟ ਤਹਿਤ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਬੀ.ਐੱਸ.ਐੱਫ ਦੀ 99ਵੀਂ ਬਟਾਲੀਅਨ ਦੇ ਬੀ.ਓ.ਪੀ ਕਾਸੋਕੇ ਦੇ ਜਵਾਨਾਂ ਵਲੋਂ ਡਰੋਨ ਦੀ ਸ਼ੱਕੀ ਗਤੀਵਿਧੀ ਦੇ ਮੱਦੇਨਜ਼ਰ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਜਵਾਨਾਂ ਨੂੰ ਪਿੰਡ ਪੱਲਾ ਮੇਘਾ ਦੇ ਏਰੀਏ ਵਿਚ ਇਕ ਸ਼ੱਕੀ ਪੈਕਟ ਮਿਲਿਆ। ਪੈਕਟ ਦੀ ਜਾਂਚ ਕਰਨ ’ਤੇ ਉਸ ਵਿਚੋਂ 1 ਕਿੱਲੋ 22 ਗਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਵੀ ਬੀ.ਐੱਸ.ਐੱਫ ਦੇ ਜਵਾਨਾਂ ਵਲੋਂ ਬੀ.ਓ.ਪੀ ਪਛਾੜੀਆਂ ਦੇ ਇਲਾਕੇ ਵਿਚ ਡਰੋਨ ਗਤੀਵਿਧੀ ਦੇ ਆਧਾਰ ’ਤੇ ਸਰਹੱਦੀ ਇਲਾਕੇ ਵਿਚ ਤਲਾਸ਼ੀ ਕੀਤੀ ਗਈ। ਇਸ ਦੌਰਾਨ ਪਿੰਡ ਪੱਲਾ ਮੇਘਾ ਦੇ ਏਰੀਏ ਵਿਚ ਇਕ ਹੋਰ ਸ਼ੱਕੀ ਪੈਕਟ ਬਰਾਮਦ ਹੋਇਆ। ਜਿਸ ਦੀ ਜਾਂਚ ਕਰਨ ’ਤੇ ਉਸ ਵਿਚੋਂ 815 ਗ੍ਰਾਮ ਹੈਰੋਇਨ ਮਿਲੀ। ਉਕਤ ਬਰਾਮਦਗੀਆਂ ਸਬੰਧੀ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਐਨ.ਡੀ.ਪੀ.ਐੱਸ ਐਕਟ ਤਹਿਤ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ। ਦੋਵਾਂ ਮਾਮਲਿਆਂ ਵਿਚ ਕੁੱਲ 2 ਕਿੱਲੋ 37 ਗਰਾਮ ਹੈਰੋਇਨ ਦੀ ਬਰਾਮਦਗੀ ਨੂੰ ਸਰਹੱਦ ਪਾਰੋਂ ਨਸ਼ਾ ਤਸਕਰੀ ਦੀਆਂ ਕੋਸ਼ਿਸ਼ਾਂ ਵਿਰੁੱਧ ਸੁਰੱਖਿਆ ਬਲਾਂ ਦੀ ਚੌਕਸੀ ਵਜੋਂ ਦੇਖਿਆ ਜਾ ਰਿਹਾ ਹੈ। ਪੁਲਿਸ ਵਲੋਂ ਮਾਮਲਿਆਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹੈਰੋਇਨ ਦੀ ਖੇਪ ਭੇਜਣ ਵਾਲਿਆਂ ਅਤੇ ਇਸ ਨਾਲ ਜੁੜੇ ਤਸਕਰੀ ਦੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ।