ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
ਹੈਰੋਇਨ, ਕਾਰ ਅਤੇ ਮੋਬਾਈਲ ਕੀਤੇ ਬਰਾਮਦ
ਕੁੱਲਗੜ੍ਹੀ, 11 ਨਵੰਬਰ ( ਸੁਖਜਿੰਦਰ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡੀ. ਐਸ.
ਕੁੱਲਗੜ੍ਹੀ, 11 ਨਵੰਬਰ ( ਸੁਖਜਿੰਦਰ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡੀ.ਐਸ.ਪੀ. ਦਿਹਾਤੀ ਕਰਨ ਸ਼ਰਮਾ ਦੀ ਅਗਵਾਈ ਹੇਠ ਥਾਣਾ ਕੁੱਲਗੜ੍ਹੀ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਮੀਤ ਸਿੰਘ ਨੇ ਨਸ਼ਾ ਤਸਕਰਾਂ ਨੂੰ ਹੈਰੋਇਨ, ਇਕ ਕਾਰ ਅਤੇ ਤਿੰਨ ਮੋਬਾਈਲ ਫੋਨਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਸਰਕਟ ਹਾਊਸ ਫ਼ਿਰੋਜ਼ਪੁਰ-ਮੋਗਾ ਰੋਡ ਪਾਸ ਪੁੱਜੇ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਇਕ ਚਿੱਟੇ ਰੰਗ ਦੀ ਟਾਟਾ ਇੰਡੀਕਾ ਵਿਸਟਾ ਕਾਰ ਜਿਸਦਾ ਨੰਬਰ ਪੀ.ਬੀ. 29 ਪੀ. 3460 ’ ਤੇ ਸਵਾਰ ਨੌਜਵਾਨ ਸੰਜੀਵ ਸਿੰਘ ਉਰਫ਼ ਸੰਜੂ ਪੁੱਤਰ ਕੇਵਲ ਸਿੰਘ ਵਾਸੀ ਵਾਰਡ ਨੰਬਰ 49, ਦੁਨੇਕੇ ਜ਼ਿਲ੍ਹਾ ਮੋਗਾ, ਲਖਨ ਸਿੰਘ ਉਰਫ਼ ਲੱਖਾ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਇੰਦਰਗੜ੍ਹ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਅਤੇ ਰਜਿੰਦਰ ਸਿੰਘ ਉਰਫ਼ ਬਿੱਲਾ ਪੁੱਤਰ ਜਗਵੰਤ ਸਿੰਘ ਵਾਸੀ ਮੁਗਲਾ ਪੱਤੀ ਵਾਰਡ ਨੰਬਰ 8 , ਬਾਘਾ ਪੁਰਾਣਾ ਜ਼ਿਲ੍ਹਾ ਮੋਗਾ, ਜੋ ਭਾਰੀ ਮਾਤਰਾ ਵਿੱਚ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਅੱਜ ਹੈਰੋਇਨ ਦੀ ਸਪਲਾਈ ਕਰਨ ਲਈ ਬਸਤੀ ਬਾਬਾ ਜੀਵਨ ਸਿੰਘ, ਬਸਤੀ ਭਾਗ ਸਿੰਘ ਵਾਲੀ ਸਾਈਡ ਪੁਲ ਨੇੜੇ ਖੜ੍ਹੇ ਗਾਹਕਾਂ ਦੀ ਉਡੀਕ ਕਰ ਰਹੇ ਹਨ। ਇਸ ਇਤਲਾਹ ’ਤੇ ਉਕਤ ਨੌਜਵਾਨਾਂ ਨੂੰ ਕਾਰ ਸਮੇਤ ਕਾਬੂ ਕਰ ਉਨ੍ਹਾਂ ਕੋਲੋਂ 1 ਕਿਲੋ 506 ਗ੍ਰਾਮ ਹੈਰੋਇਨ ਅਤੇ 3 ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਕੁੱਲਗੜ੍ਹੀ ਵਿਖੇ ਅਧੀਨ ਧਾਰਾ 21/61/85 ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਕਤ ਨਸ਼ਾ ਤਸਕਰਾਂ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਕਰਨ ਲਈ ਪੁਲਿਸ ਵਲੋਂ ਹੋਰ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।