ਮਸਲੇ ਪਹਿਲ ਦੇ ਆਧਾਰ ’ਤੇ ਨਿਪਟਾਉਣ ਦਾ ਮਿਲਿਆ ਭਰੋਸਾ
ਫ਼ਿਰੋਜ਼ਪੁਰ, 29 ਸਤੰਬਰ (ਗੁਰਿੰਦਰ ਸਿੰਘ)-ਸਰਕਾਰੀ ਦਫ਼ਤਰਾਂ ਵਿਚ ਸੇਵਾ ਮੁਕਤ ਮਾਲ ਵਿਭਾਗ ਦੇ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਖੱਜਲ-ਖੁਆਰੀ ਦੇ ਮਾਮਲੇ ਨੂੰ ਲੈ ਕੇ ‘ਸੇਵਾ ਮੁਕਤ ਪਟਵਾਰੀ, ਕਾਨੂੰਨਗੋ, ਰੈਵੀਨਿਊ ਆਫ਼ੀਸਰਜ਼ ਯੂਨੀਅਨ ਫ਼ਿਰੋਜ਼ਪੁਰ’ ਦੇ ਅਹੁਦੇਦਾਰਾਂ ਦਾ ਵਫ਼ਦ ਪ੍ਰਧਾਨ ਜਸਬੀਰ ਸਿੰਘ ਸੈਣੀ ਅਤੇ ਜਨਰਲ ਸਕੱਤਰ ਸੰਤੋਖ ਸਿੰਘ ਤੱਖੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮਿਲਣ ਪਹੁੰਚਿਆ। ਡਿਪਟੀ ਕਮਿਸ਼ਨਰ ਦੀ ਗੈਰ-ਹਾਜ਼ਰੀ ਵਿਚ ਜ਼ਿਲ੍ਹਾ ਮਾਲ ਅਫ਼ਸਰ ਲਵਪ੍ਰੀਤ ਕੌਰ ਨੇ ਵਫ਼ਦ ਨਾਲ ਮੀਟਿੰਗ ਕੀਤੀ।
ਫ਼ਿਰੋਜ਼ਪੁਰ, 29 ਸਤੰਬਰ (ਗੁਰਿੰਦਰ ਸਿੰਘ)-ਸਰਕਾਰੀ ਦਫ਼ਤਰਾਂ ਵਿਚ ਸੇਵਾ ਮੁਕਤ ਮਾਲ ਵਿਭਾਗ ਦੇ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਖੱਜਲ-ਖੁਆਰੀ ਦੇ ਮਾਮਲੇ ਨੂੰ ਲੈ ਕੇ ‘ਸੇਵਾ ਮੁਕਤ ਪਟਵਾਰੀ, ਕਾਨੂੰਨਗੋ, ਰੈਵੀਨਿਊ ਆਫ਼ੀਸਰਜ਼ ਯੂਨੀਅਨ ਫ਼ਿਰੋਜ਼ਪੁਰ’ ਦੇ ਅਹੁਦੇਦਾਰਾਂ ਦਾ ਵਫ਼ਦ ਪ੍ਰਧਾਨ ਜਸਬੀਰ ਸਿੰਘ ਸੈਣੀ ਅਤੇ ਜਨਰਲ ਸਕੱਤਰ ਸੰਤੋਖ ਸਿੰਘ ਤੱਖੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮਿਲਣ ਪਹੁੰਚਿਆ। ਡਿਪਟੀ ਕਮਿਸ਼ਨਰ ਦੀ ਗੈਰ-ਹਾਜ਼ਰੀ ਵਿਚ ਜ਼ਿਲ੍ਹਾ ਮਾਲ ਅਫ਼ਸਰ ਲਵਪ੍ਰੀਤ ਕੌਰ ਨੇ ਵਫ਼ਦ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ 1 ਜਨਵਰੀ 2016 ਤੋਂ ਬਣਦੇ ਬਕਾਏ, ਲੰਬਿਤ ਪਏ ਮੈਡੀਕਲ ਬਿੱਲਾਂ ਅਤੇ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਦੇ ਬਕਾਇਆ ਪੈਨਸ਼ਨ ਕੇਸਾਂ ਸਮੇਤ ਹੋਰ ਮਾਮਲਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਨੂੰ ‘ਮੰਗਾਂ’ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ, ਸਗੋਂ ਇਹ ਸੇਵਾ ਮੁਕਤ ਕਰਮਚਾਰੀਆਂ ਦੇ ਰੋਜ਼ਮਰ੍ਹਾ ਦੇ ਹੱਕੀ ਅਤੇ ਪ੍ਰਸ਼ਾਸਨਿਕ ਕੰਮ ਹਨ। ਇਨ੍ਹਾਂ ਦੇ ਲੰਬਿਤ ਰਹਿਣ ਕਾਰਨ ਸੇਵਾ ਮੁਕਤ ਕਰਮਚਾਰੀਆਂ ਨੂੰ ਬੇਲੋੜੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਵਲੋਂ ਆਪਣੇ ਮਸਲੇ ਪ੍ਰਸ਼ਾਸਨ ਸਾਹਮਣੇ ਪੁਰਜ਼ੋਰ ਢੰਗ ਨਾਲ ਰੱਖਦਿਆਂ ਇਨ੍ਹਾਂ ਦੇ ਤੁਰੰਤ ਨਿਪਟਾਰੇ ਦੀ ਮੰਗ ਕੀਤੀ ਗਈ। ਜ਼ਿਲ੍ਹਾ ਮਾਲ ਅਫ਼ਸਰ ਲਵਪ੍ਰੀਤ ਕੌਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਨਿੱਜੀ ਤੌਰ ’ਤੇ ਦਿਲਚਸਪੀ ਲੈ ਕੇ ਇਨ੍ਹਾਂ ਮਾਮਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਸੇਵਾ ਮੁਕਤ ਕਰਮਚਾਰੀ ਵੀ ਪ੍ਰਸ਼ਾਸਨਿਕ ਪਰਿਵਾਰ ਦਾ ਅਹਿਮ ਹਿੱਸਾ ਹਨ। ਵਫ਼ਦ ਵਿਚ ਮੁੱਖ ਸਲਾਹਕਾਰ ਹਰਮੀਤ ਵਿਦਿਆਰਥੀ, ਸਰਪ੍ਰਸਤ ਜਸਵੰਤ ਸਿੰਘ ਛਾਬੜਾ, ਮੀਤ ਪ੍ਰਧਾਨ ਸੁਖਦੇਵ ਸਿੰਘ, ਜਸਵਿੰਦਰ ਸਿੰਘ ਖੁੰਗਰ, ਸੁਧੀਰ ਕੁਮਾਰ, ਦਲੀਪ ਸਿੰਘ, ਵਿਜੇ ਮੈਣੀ, ਜਸਪਾਲ ਸਿੰਘ, ਕੁਲਵੰਤ ਸਿੰਘ ਅਤੇ ਸਦਰ ਕਾਨੂੰਨਗੋ ਗੁਰਮੇਜ ਸਿੰਘ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।