ਪੋਲਿੰਗ ਬੂਥਾਂ ’ਤੇ ਲੱਗੇ ਵਿਸ਼ੇਸ਼ ਕੈਂਪ, ਨਵੀਂ ਵੋਟ ਤੋਂ ਲੈ ਕੇ ਦਰੁਸਤੀ ਅਤੇ ਸ਼ਿਫਟਿੰਗ ਤੱਕ ਭਰੇ ਫਾਰਮ
12 ਤੱਕ ਦਾਅਵੇ ਅਤੇ ਇਤਰਾਜ਼ ਕੀਤੇ ਜਾਣਗੇ ਦਾਇਰ
ਫ਼ਿਰੋਜ਼ਪੁਰ, 6 ਸਤੰਬਰ (ਸੁਖਵਿੰਦਰ ਸਿੰਘ)-ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਐੱਸ. ਆਈ.
ਫ਼ਿਰੋਜ਼ਪੁਰ, 6 ਸਤੰਬਰ (ਸੁਖਵਿੰਦਰ ਸਿੰਘ)-ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਐੱਸ.ਆਈ.ਆਰ.2026 ਤਹਿਤ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾ ਕੇ ਵੋਟਰਾਂ ਨੂੰ ਵੋਟਾਂ ਸਬੰਧੀ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਜ਼ਿਲ੍ਹੇ ਦੇ 932 ਪੋਲਿੰਗ ਬੂਥਾਂ ’ ਤੇ ਬੂਥ ਲੈਵਲ ਅਫ਼ਸਰਾਂ ਵੱਲੋਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਦੌਰਾਨ ਨਵੀਂ ਵੋਟ ਬਣਵਾਉਣ ਲਈ, ਵੋਟਰ ਸੂਚੀ ਵਿਚ ਕਿਸੇ ਕਿਸਮ ਦੀ ਦਰੁਸਤੀ ਲਈ ਤੇ ਵੋਟ ਇਕ ਥਾਂ ਤੋਂ ਦੂਜੀ ਥਾਂ ਸ਼ਿਫਟ ਕਰਨ ਸਮੇਤ ਹੋਰ ਸੇਵਾਵਾਂ ਲਈ ਸਬੰਧਿਤ ਫਾਰਮ ਭਰਵਾਏ ਗਏ। ਇਸ ਤੋਂ ਇਲਾਵਾ ਐਪਿਕ ਕਾਰਡ ਦੀ ਰਿਪਲੇਸਮੈਂਟ ਅਤੇ ਪੀ.ਡਬਲਿਊ.ਡੀ. ਵੋਟਰਾਂ ਦੀ ਮਾਰਕਿੰਗ ਸਬੰਧੀ ਵੀ ਫਾਰਮ ਨੰਬਰ-8 ਭਰਵਾਏ ਗਏ। ਦੱਸਣਯੋਗ ਹੈ ਐੱਸ.ਆਈ.ਆਰ. -2026 ਅਧੀਨ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 13 ਅਗਸਤ ਨੂੰ ਕੀਤੀ ਜਾ ਚੁੱਕੀ ਹੈ ਤੇ ਇਸ ਸਬੰਧੀ ਦਾਅਵੇ ਤੇ ਇਤਰਾਜ਼ 12 ਸਤੰਬਰ ਤੱਕ ਪ੍ਰਾਪਤ ਕੀਤੇ ਜਾਣਗੇ। ਵੋਟਰਾਂ ਵਲੋਂ ਵੀ ਵਿਸ਼ੇਸ਼ ਕੈਂਪਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਜਿਨ੍ਹਾਂ ਵੋਟਰਾਂ ਨੂੰ ਵੋਟ ਸਬੰਧੀ ਕਿਸੇ ਕਿਸਮ ਦੀ ਮੁਸ਼ਕਿਲ ਆ ਰਹੀ ਸੀ। ਉਨ੍ਹਾਂ ਨੇ ਆਪਣੇ ਸਬੰਧਤ ਬੂਥ ਲੈਵਲ ਅਫ਼ਸਰਾਂ ਨਾਲ ਸੰਪਰਕ ਕਰਕੇ ਸਮੱਸਿਆਵਾਂ ਦਾ ਹੱਲ ਕਰਵਾਇਆ। ਬੀ.ਐੱਲ.ਓਜ਼. ਵਲੋਂ ਵੀ ਆਪਣੇ-ਆਪਣੇ ਪੋਲਿੰਗ ਬੂਥਾਂ ’ਤੇ ਮੌਜੂਦ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕੀਤਾ ਗਿਆ।