ਕੈਂਟ ਫ਼ਿਰੋਜ਼ਪੁਰ ’ਚ ਸਿਲੰਡਰ ਚੋਰੀ ਦੇ ਸ਼ੱਕ ਨੂੰ ਲੈ ਕੇ ਵਿਵਾਦ, ਨੌਜਵਾਨ ਅਤੇ ਉਸ ਦੀ ਮਾਂ ਨਾਲ ਕੁੱਟਮਾਰ ਪੁਲਿਸ ਨੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ
ਫ਼ਿਰੋਜ਼ਪੁਰ, 8 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਕੈਂਟ ਦੀ ਇੰਦਰਾ ਕਾਲੋਨੀ ਵਿਚ ਸਿਲੰਡਰ ਚੋਰੀ ਦੇ ਸ਼ੱਕ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ, ਜਦੋਂ ਇਕ ਵਿਅਕਤੀ ਵਲੋਂ ਆਪਣੇ ਸਾਥੀਆਂ ਸਮੇਤ ਕਥਿਤ ਤੌਰ ’ਤੇ ਗੁਆਂਢੀ ਅਤੇ ਉਸ ਦੀ ਮਾਤਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ । ਘਟਨਾ ਸਬੰਧੀ ਕੈਂਟ ਫ਼ਿਰੋਜ਼ਪੁਰ ਪੁਲਿਸ ਵਲੋਂ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਫ਼ਿਰੋਜ਼ਪੁਰ, 8 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਕੈਂਟ ਦੀ ਇੰਦਰਾ ਕਾਲੋਨੀ ਵਿਚ ਸਿਲੰਡਰ ਚੋਰੀ ਦੇ ਸ਼ੱਕ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ, ਜਦੋਂ ਇਕ ਵਿਅਕਤੀ ਵਲੋਂ ਆਪਣੇ ਸਾਥੀਆਂ ਸਮੇਤ ਕਥਿਤ ਤੌਰ ’ਤੇ ਗੁਆਂਢੀ ਅਤੇ ਉਸ ਦੀ ਮਾਤਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ । ਘਟਨਾ ਸਬੰਧੀ ਕੈਂਟ ਫ਼ਿਰੋਜ਼ਪੁਰ ਪੁਲਿਸ ਵਲੋਂ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਸੋਨੂੰ ਵਾਸੀ ਇੰਦਰਾ ਕਾਲੋਨੀ ਨੇ ਦੱਸਿਆ ਕਿ 30 ਜੂਨ ਦੀ ਸ਼ਾਮ ਕਰੀਬ 8 ਤੋਂ 8.15 ਵਜੇ ਦੇ ਵਿਚਕਾਰ ਉਹ ਆਪਣੀ ਮਾਤਾ ਨਾਲ ਘਰ ਵਿਚ ਮੌਜੂਦ ਸੀ। ਇਸ ਦੌਰਾਨ ਉਨ੍ਹਾਂ ਦਾ ਗੁਆਂਢੀ ਪ੍ਰੇਮ ਉੱਥੇ ਆਇਆ ਅਤੇ ਉਸ ਨੇ ਕਥਿਤ ਤੌਰ ’ਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰੇਮ ਦਾ ਦੋਸ਼ ਸੀ ਕਿ ਉਨ੍ਹਾਂ ਨੇ ਉਸ ਦਾ ਗੈੱਸ ਸਿਲੰਡਰ ਚੋਰੀ ਕੀਤਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਨੂੰ ਨਕਾਰਦਿਆਂ ਉਸ ਨੂੰ ਆਪਣੇ ਘਰ ਵਾਪਸ ਜਾਣ ਲਈ ਕਿਹਾ ਜਿਸ ਤੋਂ ਬਾਅਦ ਉਹ ਉੱਥੋਂ ਚਲਾ ਗਿਆ। ਸ਼ਿਕਾਇਤਕਰਤਾ ਮੁਤਾਬਿਕ ਕਰੀਬ 15 ਮਿੰਟ ਬਾਅਦ ਪ੍ਰੇਮ ਕੁੱਝ ਹੋਰ ਵਿਅਕਤੀਆਂ ਨਾਲ ਮੁੜ ਉੱਥੇ ਆ ਗਿਆ। ਉਸ ਸਮੇਂ ਸੋਨੂੰ ਗਲੀ ਵਿਚ ਖੜ੍ਹਾ ਸੀ। ਦੋਸ਼ ਹੈ ਕਿ ਆਉਂਦੇ ਹੀ ਉਕਤ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਦੀ ਮਾਤਾ ਆਪਣੇ ਪੁੱਤਰ ਨੂੰ ਬਚਾਉਣ ਲਈ ਅੱਗੇ ਆਈ ਤਾਂ ਕਥਿਤ ਤੌਰ ’ਤੇ ਉਸ ਨਾਲ ਵੀ ਹੱਥੋਪਾਈ ਕੀਤੀ ਗਈ ਅਤੇ ਉਸ ਨੂੰ ਸੱਟਾਂ ਲੱਗੀਆਂ। ਸ਼ਿਕਾਇਤ ਵਿਚ ਦੱਸਿਆ ਗਿਆ ਕਿ ਕੁੱਝ ਦਿਨ ਪਹਿਲਾਂ ਪ੍ਰੇਮ ਦਾ ਸਿਲੰਡਰ ਚੋਰੀ ਹੋ ਗਿਆ ਸੀ ਅਤੇ ਉਸ ਨੂੰ ਸ਼ੱਕ ਸੀ ਕਿ ਇਹ ਸਿਲੰਡਰ ਸ਼ਿਕਾਇਤਕਰਤਾ ਦੇ ਭਾਣਜੇ ਵਲ਼ੋਂ ਚੋਰੀ ਕੀਤਾ ਗਿਆ ਹੈ। ਇਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਤਕਰਾਰ ਚੱਲ ਰਹੀ ਸੀ ਅਤੇ ਸ਼ਿਕਾਇਤਕਰਤਾ ਵਲੋਂ ਪ੍ਰੇਮ ਨੂੰ ਗਾਲ੍ਹਾਂ ਕੱਢਣ ਤੋਂ ਰੋਕਿਆ ਜਾਂਦਾ ਸੀ। ਥਾਣਾ ਕੈਂਟ ਪੁਲਿਸ ਦੇ ਏ.ਐੱਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਛੇ ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਬੀ.ਐੱਨ.ਐੱਸ. ਅਤੇ ਆਈ.ਪੀ.ਸੀ. ਦੀਆਂ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।