ਨਾਗੋਆ, 2 ਅਕਤੂਬਰ (ਪੀ. ਟੀ. ਆਈ.)-ਹਰਿਆਣਾ ਦੇ ਜ਼ਿਲ੍ਹਾ ਰੋਹਤਕ ਦੇ ਕਸਬਾ ਰੁੜਕੀ ਦੀ ਵਾਸੀ ਪਰਵੀਨ ਹੁੱਡਾ (26) ਨੇ ਏਸ਼ਿਆਈ ਖੇਡਾਂ ਵਿਚ ਔਰਤਾਂ ਦੇ 65 ਕਿੱਲੋਗ੍ਰਾਮ ਮੁੱਕੇਬਾਜ਼ੀ ਮੁਕਾਬਲੇ ਦੇ ਫਾਈਨਲ ਵਿਚ ਤਾਈਵਾਨ ਦੀ ਚੇਨ ਨਿਏਨ-ਚਿਨ ਨੂੰ ਹਰਾਇਆ।ਬਹੁਤ ਹੀ ਸਖ਼ਤ ਮੁਕਾਬਲੇ ’ਚ ਪਰਵੀਨ ਨੇ ਵੰਡੇ ਹੋਏ ਫੈਸਲੇ (3-2) ਨਾਲ ਜਿੱਤ ਦਰਜ ਕੀਤੀ। ਦੋਵਾਂ ਮੁੱਕੇਬਾਜ਼ਾਂ ਨੇ ਪਹਿਲੇ ਦੌਰ ਵਿਚ ਸਾਵਧਾਨੀ ਨਾਲ ਸ਼ੁਰੂਆਤ ਕੀਤੀ ਅਤੇ ਆਪਣੇ ਮੁੱਕੇ ਰੋਕ ਕੇ ਰੱਖੇ, ਇਥੋਂ ਤੱਕ ਕਿ ਰੈਫਰੀ ਨੂੰ ਚਿਤਾਵਨੀ ਦੇਣ ਲਈ ਦਖਲ ਦੇਣਾ ਪਿਆ। ਆਖਿਰ ’ਚ ਪਰਵੀਨ ਨੇ ਵਧੇਰੇ ਪ੍ਰਭਾਵਸ਼ਾਲੀ ਮੁੱਕੇ ਜੜ ਕੇ ਪੰਜੇ ਜੱਜਾਂ ਤੋਂ 10-9 ਦਾ ਸਕੋਰ ਹਾਸਿਲ ਕੀਤਾ ਪਰ ਪੈਰਿਸ ਉਲੰਪਿਕ ਦੀ ਕਾਂਸੀ ਤਗਮਾ ਜੇਤੂ ਚੇਨ ਨੇ ਦੂਜੇ ਦੌਰ ਵਿਚ ਹਮਲਾਵਰ ਖੇਡ ਦਿਖਾਉਂਦੇ ਹੋਏ ਬਾਜ਼ੀ ਪਲਟ ਦਿੱਤੀ ਅਤੇ ਪੰਜੇ ਜੱਜਾਂ ਤੋਂ 10-9 ਨਾਲ ਅੰਕ ਹਾਸਲ ਕੀਤੇ। ਫੈਸਲਾਕੁੰਨ ਤੀਜੇ ਦੌਰ ਵਿਚ ਪਰਵੀਨ ਨੇ ਸੰਘਰਸ਼ ਕਰਦਿਆਂ 3-2 ਨਾਲ ਜਿੱਤ ਦਰਜ ਕੀਤੀ ਅਤੇ ਸੋਨ ਤਗਮਾ ਆਪਣੇ ਨਾਂਅ ਕੀਤਾ। ਇਸ ਜਿੱਤ ਨਾਲ ਪਰਵੀਨ ਮੈਰੀਕਾਮ (2014) ਅਤੇ ਲਵਲੀਨਾ ਬੋਰਗੋਹੇਨ ਤੋਂ ਬਾਅਦ ਏਸ਼ਿਆਈ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੀ ਸਿਰਫ਼ ਤੀਜੀ ਭਾਰਤੀ ਮਹਿਲਾ ਮੁੱਕੇਬਾਜ਼ ਬਣ ਗਈ ਹੈ।