ਖਨੌਰੀ ਵਿਖੇ ਭੀੜੀਆਂ ਗਲੀਆਂ ’ਚ ਬਿਜਲੀ ਮੀਟਰਾਂ ਦੇ ਵੱਡੇ ਬਕਸੇ ਬਣੇ ਮੁਸੀਬਤ
ਖਨੌਰੀ, 16 ਸਤੰਬਰ (ਬਲਵਿੰਦਰ ਸਿੰਘ ਥਿੰਦ)- ਖਨੌਰੀ ਸ਼ਹਿਰ ਦੀਆਂ ਭੀੜੀਆਂ ਗਲੀਆਂ ਅਤੇ ਮੁਹੱਲਿਆਂ ’ ਚ ਬਿਜਲੀ ਵਿਭਾਗ ਵਲੋਂ 15 ਤੋਂ 20 ਘਰਾਂ ਦੇ ਬਿਜਲੀ ਮੀਟਰਾਂ ਨੂੰ ਇਕ ਥਾਂ ਇਕੱਠਾ ਕਰਨ ਲਈ ਲਗਾਏ ਗਏ ਵੱਡੇ ਬਿਜਲੀ ਮੀਟਰ ਬਕਸੇ ਹੁਣ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦੇ ਜਾ ਰਹੇ ਹਨ। ਸ਼ਹਿਰ ਦੀਆਂ ਕਈ ਗਲੀਆਂ ਅਤੇ ਮੋੜਾਂ ’ਤੇ ਬਿਜਲੀ ਮੀਟਰਾਂ ਵਾਲੇ ਵੱਡੇ ਬਕਸੇ ਨਜ਼ਰ ਆਉਂਦੇ ਹਨ ।
ਖਨੌਰੀ, 16 ਸਤੰਬਰ (ਬਲਵਿੰਦਰ ਸਿੰਘ ਥਿੰਦ)- ਖਨੌਰੀ ਸ਼ਹਿਰ ਦੀਆਂ ਭੀੜੀਆਂ ਗਲੀਆਂ ਅਤੇ ਮੁਹੱਲਿਆਂ ’ ਚ ਬਿਜਲੀ ਵਿਭਾਗ ਵਲੋਂ 15 ਤੋਂ 20 ਘਰਾਂ ਦੇ ਬਿਜਲੀ ਮੀਟਰਾਂ ਨੂੰ ਇਕ ਥਾਂ ਇਕੱਠਾ ਕਰਨ ਲਈ ਲਗਾਏ ਗਏ ਵੱਡੇ ਬਿਜਲੀ ਮੀਟਰ ਬਕਸੇ ਹੁਣ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦੇ ਜਾ ਰਹੇ ਹਨ। ਸ਼ਹਿਰ ਦੀਆਂ ਕਈ ਗਲੀਆਂ ਅਤੇ ਮੋੜਾਂ ’ਤੇ ਬਿਜਲੀ ਮੀਟਰਾਂ ਵਾਲੇ ਵੱਡੇ ਬਕਸੇ ਨਜ਼ਰ ਆਉਂਦੇ ਹਨ । ਦੂਜੇ ਪਾਸੇ ਬਿਜਲੀ ਦੀਆਂ ਲਟਕਦੀਆਂ ਅਤੇ ਆਪਸ ’ਚ ਉਲਝੀਆਂ ਤਾਰਾਂ ਦਾ ਜਾਲ ਵੀ ਕਈ ਥਾਵਾਂ ’ਤੇ ਦੇਖਣ ਨੂੰ ਮਿਲਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਭੀੜੀਆਂ ਗਲੀਆਂ ’ਚ ਅਜਿਹੇ ਬਕਸਿਆਂ ਅਤੇ ਤਾਰਾਂ ਦੀ ਵਿਵਸਥਾ ਨਾ ਸਿਰਫ਼ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਦੀ ਹੈ, ਸਗੋਂ ਕਿਸੇ ਅਣਸੁਖਾਵੀਂ ਘਟਨਾ ਦੀ ਸਥਿਤੀ ’ਚ ਵੱਡੀ ਮੁਸ਼ਕਿਲ ਪੈਦਾ ਕਰ ਸਕਦੀ ਹੈ। ਸ਼ਹਿਰ ਦੇ ਵਾਰਡ ਨੰਬਰ 5 ’ਚ ਮੋਤੀ ਠੇਕੇਦਾਰ ਵਾਲੀ ਗਲੀ, ਜੋ ਕਿ ਲਗਭਗ ਸਾਢੇ ਪੰਜ ਤੋਂ ਛੇ ਫੁੱਟ ਚੌੜੀ ਦੱਸੀ ਜਾਂਦੀ ਹੈ, ਵਿਚ ਲਗਾਇਆ ਗਿਆ ਬਿਜਲੀ ਮੀਟਰਾਂ ਵਾਲਾ ਵੱਡਾ ਬਕਸਾ ਲੋਕਾਂ ਲਈ ਖਾਸ ਤੌਰ ’ਤੇ ਮੁਸ਼ਕਿਲ ਬਣਿਆ ਹੋਇਆ ਹੈ। ਗਲੀ ਪਹਿਲਾਂ ਹੀ ਤੰਗ ਹੋਣ ਕਾਰਨ ਬਕਸੇ ਦੇ ਲੱਗਣ ਨਾਲ ਰਸਤਾ ਹੋਰ ਵੀ ਸੁੰਗੜ ਗਿਆ ਹੈ। ਇੱਥੋਂ ਲੰਘਣ ਵਾਲੇ ਪੈਦਲ ਲੋਕਾਂ ਅਤੇ ਦੁਪਹੀਆ ਵਾਹਨ ਚਾਲਕਾਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਹਰਭਜਨ ਸਿੰਘ, ਮੋਤੀ ਰਾਮ ਗੋਇਲ, ਰਮੇਸ਼ ਕੁਮਾਰ ਬਜਾਜ, ਚੰਦਰ ਭਾਨ, ਬੀਰਬਲ ਕੁਮਾਰ, ਰਾਮ ਨਿਵਾਸ, ਈਸ਼ਵਰ ਚੰਦ ਆਦਿ ਨੇ ਦੱਸਿਆ ਕਿ ਗਲੀ ’ਚ ਲੱਗਿਆ ਇਹ ਬਿਜਲੀ ਮੀਟਰਾਂ ਵਾਲਾ ਬਕਸਾ ਆਮ ਲੋਕਾਂ ਦੀ ਆਵਾਜਾਈ ’ਚ ਰੁਕਾਵਟ ਬਣਿਆ ਹੋਇਆ ਹੈ। ਮੁਹੱਲਾ ਵਾਸੀ ਸਤਨਾਮ ਸਿੰਘ ਨੇ ਦੱਸਿਆ ਕਿ ਜਿਸ ਘਰ ਦੇ ਅੱਗੇ ਇਹ ਬਿਜਲੀ ਮੀਟਰਾਂ ਵਾਲਾ ਬਕਸਾ ਲਗਾਇਆ ਗਿਆ ਹੈ, ਉਸ ਦੇ ਨਾਲ-ਨਾਲ ਨੇੜਲੇ ਘਰਾਂ ਅੱਗੇ ਵੀ ਬਿਜਲੀ ਦੀਆਂ ਤਾਰਾਂ ਦਾ ਜਾਲ ਬਣਿਆ ਹੋਇਆ ਹੈ। ਕਈ ਤਾਰਾਂ ਘਰਾਂ ਦੀਆਂ ਛੱਤਾਂ ਅਤੇ ਬਨੇਰਿਆਂ ਦੇ ਬਿਲਕੁਲ ਨੇੜੇ ਤੋਂ ਲੰਘ ਰਹੀਆਂ ਹਨ। ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਲੈ ਕੇ ਪਰਿਵਾਰ ਚਿੰਤਤ ਰਹਿੰਦੇ ਹਨ । ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਦੀਆਂ ਤਾਰਾਂ ਵਿੱਚ ਕਿਸੇ ਤਰ੍ਹਾਂ ਦੀ ਖਰਾਬੀ, ਸਪਾਰਕਿੰਗ ਜਾਂ ਤਾਰ ਟੁੱਟਣ ਵਰਗੀ ਘਟਨਾ ਵਾਪਰਨ ਦੀ ਸਥਿਤੀ ਵਿੱਚ ਅੱਗ ਲੱਗਣ ਜਾਂ ਕਰੰਟ ਲੱਗਣ ਦਾ ਖਤਰਾ ਪੈਦਾ ਹੋ ਸਕਦਾ ਹੈ। ਗਲੀ ਵਾਸੀਆਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਭੀੜੀਆਂ ਅਤੇ ਤੰਗ ਗਲੀਆਂ ਵਿੱਚ ਲਗਾਏ ਗਏ ਵੱਡੇ ਮੀਟਰ ਬਕਸਿਆਂ ਦਾ ਮੌਕੇ ’ਤੇ ਜਾਇਜ਼ਾ ਲਿਆ ਜਾਵੇ ਅਤੇ ਜਿੱਥੇ ਇਹ ਆਵਾਜਾਈ ਵਿੱਚ ਰੁਕਾਵਟ ਬਣ ਰਹੇ ਹਨ, ਉਨ੍ਹਾਂ ਨੂੰ ਢੁਕਵੀਂ ਅਤੇ ਸੁਰੱਖਿਅਤ ਥਾਂ ’ਤੇ ਤਬਦੀਲ ਕੀਤਾ ਜਾਵੇ।