200 ਗ੍ਰਾਮ ਚਿੱਟੇ ਸਮੇਤ ਕਾਰ ਸਵਾਰ ਦੋ ਨੌਜਵਾਨ ਗ੍ਰਿਫ਼ਤਾਰ
ਸੰਗਰੂਰ, 27 ਅਗਸਤ (ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਪੁਲਿਸ ਦੇ ਸੀ. ਆਈ.
ਸੰਗਰੂਰ, 27 ਅਗਸਤ (ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਪੁਲਿਸ ਦੇ ਸੀ.ਆਈ.ਏ. ਸਟਾਫ ਵੱਲੋਂ 200 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਦੋ ਕਾਰ ਸਵਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਥਾਣਾ ਲੌਂਗੋਵਾਲ ਵਿਖੇ ਦਰਜ ਹੋਏ ਮੁਕੱਦਮੇ ਮੁਤਾਬਿਕ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੇ ਸੰਬੰਧ ਵਿੱਚ ਮੇਨ ਰੋਡ ਪਿੰਡ ਬਹਾਦਰਪੁਰ ਤੋਂ ਮਸਤੂਆਣਾ ਸਾਹਿਬ ਵੱਲ ਨੂੰ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਸੜਕ ਦੇ ਇੱਕ ਸਾਇਡ ਉੱਤੇ ਖੜ੍ਹੀ ਇੱਕ ਦਿੱਲੀ ਨੰਬਰ ਸ਼ੱਕੀ ਕਾਰ ਦਿਖਾਈ ਦਿੱਤੀ। ਸ਼ੱਕ ਦੇ ਆਧਾਰ ਉੱਤੇ ਪੁਲਿਸ ਪਾਰਟੀ ਵੱਲੋਂ ਕਾਰ ਸਵਾਰ ਦੋਹਾਂ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਨੇ ਆਪਣੇ ਨਾਂਅ ਚਰਨਜੀਤ ਸਿੰਘ ਚਰਨਾ ਵਾਸੀ ਬਾਬਾ ਬੀਰ ਸਿੰਘ ਬਸਤੀ ਦਿੜ੍ਹਬਾ ਅਤੇ ਮਨਪ੍ਰੀਤ ਸਿੰਘ ਮਨੀ ਵਾਸੀ ਚਮਕੌਰ ਸਾਹਿਬ ਜਿਲ੍ਹਾ ਰੋਪੜ ਦੱਸਿਆ। ਕਾਬੂ ਕੀਤੇ ਗਏ ਵਿਅਕਤੀਆਂ ਦੀ ਕਾਰ ਵਿੱਚ ਪਏ ਲਿਫਾਫੇ ਵਿੱਚੋਂ ਪੁਲਿਸ ਪਾਰਟੀ ਨੂੰ ਹੈਰੋਇਨ ਦਿਖਾਈ ਦੇ ਰਹੀ ਸੀ। ਪੁਲਿਸ ਵੱਲੋਂ ਕਾਨੂੰਨੀ ਪ੍ਰਕਿਰਿਆ ਰਾਹੀਂ ਕਾਰ ਵਿੱਚੋਂ ਲਿਫਾਫੇ ਨੂੰ ਚੁੱਕਿਆ ਅਤੇ ਮੌਕੇ ਉੱਤੇ ਹੀ ਮੌਜੂਦ ਨਾਰਕੋਟਿਕ ਡਰੱਗ ਡਿਟੈਕਸ਼ਨ ਕਿੱਟ ਰਾਹੀਂ ਲਿਫਾਫੇ ਵਿਚਲੇ ਪਦਾਰਥ ਨੂੰ ਚੈੱਕ ਕੀਤਾ ਗਿਆ ਜੋ ਟੈਸਟ ਦੌਰਾਨ ਹੈਰੋਇਨ ਹੋਣਾ ਪਾਇਆ ਗਿਆ। ਪੁਲਿਸ ਵੱਲੋਂ ਹੈਰੋਇਨ ਦਾ ਇਲੈਕਟ੍ਰਾਨਿਕ ਕੰਡੇ ਨਾਲ ਵਜਨ ਕੀਤਾ ਗਿਆ ਜੋ 200 ਗ੍ਰਾਮ ਪਾਇਆ ਗਿਆ। ਜਿਸ ਉੱਤੇ ਪੁਲਿਸ ਪਾਰਟੀ ਵੱਲੋਂ ਚਰਨਜੀਤ ਸਿੰਘ ਚਰਨਾ ਅਤੇ ਮਨਪ੍ਰੀਤ ਸਿੰਘ ਮਨੀ ਖਿਲਾਫ ਥਾਣਾ ਲੌਂਗੋਵਾਲ ਵਿਖੇ ਮੁਕੱਦਮਾ ਦਰਜ ਕਰਵਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।