ਡਾਇਰੈਕਟਰ ਸਿੱਖਿਆ ਵਿਭਾਗ ਅਤੇ ਡਿਪਟੀ ਸੈਕਟਰੀ ਸਰਕਾਰੀ ਕੰਨਿਆ ਹਾਈ ਸਕੂਲ ਤਖਾਣਵੱਧ ਪੁੱਜੇ
ਮੋਗਾ, 20 ਨਵੰਬਰ (ਸੁਰਿੰਦਰਪਾਲ ਸਿੰਘ)- ਸ਼ੁਕਰਾਨੇ ਵਜੋਂ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੌਰਾਨ ਡਾਇਰੈਕਟਰ (ਸੈ. ਸਿ.)
ਮੋਗਾ, 20 ਨਵੰਬਰ (ਸੁਰਿੰਦਰਪਾਲ ਸਿੰਘ)- ਸ਼ੁਕਰਾਨੇ ਵਜੋਂ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੌਰਾਨ ਡਾਇਰੈਕਟਰ (ਸੈ.ਸਿ.) ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਸਿੰਘ ਬੱਲ ਅਤੇ ਡਿਪਟੀ ਸੈਕਟਰੀ ਕਮ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਹਰਪ੍ਰੀਤ ਸਿੰਘ ਨੇ ਸਰਕਾਰੀ ਕੰਨਿਆ ਹਾਈ ਸਮਾਰਟ ਸਕੂਲ ਤਖਾਣਵੱਧ ਵਿਖੇ ਉਚੇਚੇ ਤੌਰ ‘ਤੇ ਪਹੁੰਚ ਕੇ ਗੁਰੂ ਚਰਨਾਂ ’ਚ ਹਾਜ਼ਰੀ ਲਗਾਈ। ਉੱਥੇ ਉਨ੍ਹਾਂ ਨੇ ਉਜਾਗਰ ਸਿੰਘ ਭਾਗੇ ਕਾ ਵਲੋਂ 5,76,000 (ਪੰਜ ਲੱਖ ਛਿਹੱਤਰ ਹਜਾਰ ਰੁਪਏ) ਦੀ ਦਾਨ ਰਾਸ਼ੀ ਨਾਲ ਬਣੀਆਂ ਸਕੂਲ ਦੀ ਫ਼ਰਸ਼ਾਂ, ਪਾਣੀ ਦਾ ਸੈਂਡ, ਸਕੂਲ ਬੈਂਚ, ਬਾਥਰੂਮਾਂ ਦੀ ਟਾਈਲਾਂ ਆਦਿ ਦਾ ਉਦਘਾਟਨ ਕੀਤਾ। ਜ਼ਿਕਰਯੋਗ ਹੈ ਕਿ ਇਸ ਸਕੂਲ ਵਿਚ 2020 ਤੋਂ ਵੱਖ-ਵੱਖ ਦਾਨੀ ਸੱਜਣਾਂ ਦੁਆਰਾ 16 ਲੱਖ ਰੁਪਏ ਦੀ ਰਾਸ਼ੀ ਲਗਾਈ ਜਾ ਚੁੱਕੀ ਹੈ ਅਤੇ ਹਰ ਸਾਲ ਇਸ ਸਕੂਲ ਦੇ ਬੱਚੇ ਕਈ ਕੰਪੀਟੀਸ਼ਨ ਪਾਸ ਕਰਦੇ ਹਨ ਅਤੇ ਵਜ਼ੀਫ਼ਾ ਰਾਸ਼ੀ ਜਿੱਤਦੇ ਹਨ। ਹਾਕੀ ਦੇ ਖੇਤਰ ਵਿਚ ਇੱਥੋਂ ਦੀਆਂ ਲੜਕੀਆਂ ਦੀ ਵਿਸ਼ੇਸ਼ ਨਾਮ ਹੈ ਅਤੇ ਉਹ ਹਰ ਸਾਲ ਹਾਕੀ ਅੰਡਰ-14 ਜਾਂ ਅੰਡਰ 17 ਵਿਚ ਮੋਗਾ ਜ਼ਿਲ੍ਹਾ ਜਿੱਤ ਕੇ ਸਟੇਟ ਖੇਡਾਂ ਵਿਚ ਭਾਗ ਲੈਂਦੀਆਂ ਹਨ। ਸਕੱਤਰ ਸਿੰਘ ਬੱਲ ਨੇ ਬੋਲਦਿਆਂ ਵਿਦਿਆਰਥੀਆਂ ਨੂੰ ਆਪਣੇ ਵੀ ਪੀ.ਸੀ.ਐਸ. ਬਣਨ ਦੇ ਸੰਘਰਸ਼ ਦੌਰਾਨ ਆਈਆ ਹਾਰਾਂ, ਰੁਕਾਵਟਾਂ ਅਤੇ ਵੱਖ-ਵੱਖ ਸਮੱਸਿਆਵਾਂ ਬਾਰੇ ਦੱਸਿਆ ਅਤੇ ਮਹਾਨ ਵਿਅਕਤੀਆਂ ਦੀਆਂ ਕਈ ਉਦਾਹਰਨਾਂ ਦੇ ਕੇ ਉਨ੍ਹਾਂ ਨੂੰ ਪੂਰੀ ਮਿਹਨਤ ਅਤੇ ਸ਼ਿੱਦਤ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਹੈੱਡਮਾਸਟਰ ਰਿਸ਼ੀ ਮਨਚੰਦਾ ਨੂੰ ਸਟੇਟ ਟੀਚਰ ਐਵਾਰਡ 2026 ਦਾ ਸਹੀ ਹੱਕਦਾਰ ਮੰਨਦੇ ਹੋਏ ਵਿਜ਼ਟਰ ਬੁੱਕ ’ਤੇ ਪਿਆਰ ਭਰੇ ਸ਼ਬਦ ਲਿਖ ਕੇ ਵਧਾਈ ਦਿੱਤੀ। ਹਰਪ੍ਰੀਤ ਸਿੰਘ ਨੇ ਆਪਣੇ ਪੀ.ਸੀ.ਐਸ. ਬਣਨ ਦੇ ਸੰਘਰਸ਼ ’ਚ ਰਸਤਾ ਦਿਖਾਉਣ ਵਾਲੇ ਆਪਣੇ ਅਧਿਆਪਕਾਂ ਨੂੰ ਨਮਸਕਾਰ ਕਰਦੇ ਹੋਏ ਵਿਦਿਆਰਥੀਆਂ ਨੂੰ ਸਕੂਲ ਅਧਿਆਪਕਾਂ ਦੇ ਸਨਮਾਨ ਕਰਨ ਲਈ ਕਿਹਾ ਅਤੇ ਪੂਰੀ ਮਿਹਨਤ ਕਰਕੇ ਪੰਜਾਬ ਦੇ ਭਵਿੱਖ ਦੇ ਅਫ਼ਸਰ ਬਣਨ ਲਈ ਪ੍ਰੇਰਿਆ। ਜਸਵਿੰਦਰ ਸਿੰਘ ਸਿੱਧੂ ਨੇ ਹੈੱਡਮਾਸਟਰ ਰਿਸ਼ੀ ਮਨਚੰਦਾ ਨੂੰ ਉਨ੍ਹਾਂ ਦੇ ਡਿਊਟੀ ਪ੍ਰਤੀ ਸਮਰਪਣ ਅਤੇ ਸਟੇਟ ਟੀਚਰ ਐਵਾਰਡ ਤੋਂ ਬਾਅਦ ਵੱਖ-ਵੱਖ ਕਲੱਬਾਂ ਅਤੇ ਵਿੱਦਿਅਕ ਸੰਸਥਾਵਾਂ ਤੋ ਮਿਲਣ ਵਾਲੇ ਸਨਮਾਨਾਂ ਲਈ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਰਾਇਨਾ ਮਨਚੰਦਾ ਨੂੰ ਵਧਾਈ ਦਿੱਤੀ। ਇਸ ਸਮਾਗਮ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਅਸ਼ੀਸ਼ ਕੁਮਾਰ ਸ਼ਰਮਾ ਅਤੇ ਡਿਪਟੀ ਡੀ.ਈ.ਓ. ਬਰਨਾਲਾ ਸੁਨੀਤਇੰਦਰ ਸਿੰਘ ਨੇ ਕੀਤੀ। ਗੁਰਦਿਆਲ ਸਿੰਘ ਮਠਾੜੂ ਨੇ ਕਿਹਾ ਕਿ ਹੈੱਡਮਾਸਟਰ ਰਿਸ਼ੀ ਮਨਚੰਦਾ ਇਸ ਸਕੂਲ ਦੇ ਮੁਖੀ ਹੋਣ ਦੇ ਨਾਲ-ਨਾਲ ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਗਾਈਡੈਂਸ ਕਾਉਂਸਲਰ, ਸਟੇਟ ਪੁਲਿਸ ਕੈਡਟ ਸਕੀਮ ਦੇ ਜ਼ਿਲ੍ਹਾ ਨੋਡਲ ਅਫ਼ਸਰ, ਜ਼ਿਲ੍ਹਾ ਸਪੋਰਟਸ ਕਮੇਟੀ ਵਿਚ ਸੀਨੀਅਰ ਮੀਤ ਪ੍ਰਧਾਨ ਅਤੇ ਇਨਕੁਆਰੀ ਅਫ਼ਸਰ ਵਰਗੀਆਂ ਅਹਿਮ ਡਿਊਟੀਆਂ ਵੀ ਬਾਖ਼ੂਬੀ ਨਿਭਾ ਰਹੇ ਹਨ। ਇਸ ਮੌਕੇ ਅਸਿਸਟੈਂਟ ਕਮਿਸ਼ਨਰ ਨਵਜੀਤ ਸਿੰਘ ਅਤੇ ਐਕਸੀਅਨ ਪੀ. ਡਬਲਿਊ. ਡੀ. ਅਮਿਤ ਸੋਨੀ, ਪੰਜਾਬ ਕੇ ਐਜੂਕੇਸ਼ਨ ਸੰਸਥਾ ਬਾਘਾ ਪੁਰਾਣਾ ਦੇ ਮੁਖੀ ਸੰਦੀਪ ਮਹਿਤਾ, ਸਿੱਖਿਆ ਵਿਭਾਗ ਦੇ ਵੱਖ-ਵੱਖ ਜ਼ਿਲ੍ਹਾ ਕੁਆਰਡੀਨੇਟਰ ਵਿਕਾਸ ਚੋਪੜਾ, ਬਲਵਿੰਦਰ ਸਿੰਘ ਬੈਂਸ, ਨਵਦੀਪ ਸਿੰਘ ਬਾਜਵਾ, ਮਨਮੀਤ ਸਿੰਘ ਰਾਏ, ਹਰਸ਼ ਗੋਇਲ, ਵਿਵੇਕ ਅਰੋੜਾ ਨੇ ਆਪਣੀਆਂ ਟੀਮਾਂ ਤੇ ਹੋਰ ਸਾਥੀ ਅਧਿਆਪਕਾਂ ਨਾਲ ਇਸ ਸਮਾਰੋਹ ਤੇ ਪੁੱਜੇ। ਸਕੂਲ ਮੈਨੇਜਮੈਂਟ ਕਮੇਟੀ ਅਤੇ ਤਖਾਣਵੱਧ ਪਿੰਡ ਵਲੋਂ ਰਿਟਾਇਰਡ ਪ੍ਰਿੰਸੀਪਲ ਨੱਥਾ ਸਿੰਘ ਨੇ ਸਕੂਲ ਸੰਸਥਾਪਕ ਸਵ: ਕਰਤਾਰ ਸਿੰਘ ਖਹਿਰਾ ਨੂੰ ਯਾਦ ਕੀਤਾ ਅਤੇ ਲਾਲ ਸਿੰਘ ਸਾਬਕਾ ਸਰਪੰਚ, ਰਵੀ ਸ਼ਰਮਾ, ਪ੍ਰਧਾਨ ਜਸਪਾਲ ਕੌਰ ਅਤੇ ਸਮੂਹ ਕਮੇਟੀ ਮੈਂਬਰਾਂ, ਪਿੰਡ ਦੇ ਮੋਹਤਵਾਰ ਵਿਅਕਤੀਆਂ, ਦਾਨੀ ਸੱਜਣਾਂ, ਸਿਹਤ ਵਿਭਾਗ, ਸੈਕੰਡਰੀ ਸਕੂਲ ਅਤੇ ਪ੍ਰਾਇਮਰੀ ਸਕੂਲ ਦੇ ਸਟਾਫ਼ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਜਿੰਦਰ ਕੌਰ, ਸੰਦੀਪ ਕੌਰ, ਸੁਖਵੰਤ ਸਿੰਘ, ਬਲਵਿੰਦਰ ਸਿੰਘ, ਅਜੀਤਪਾਲ ਸਿੰਘ, ਗੁਰਪ੍ਰੀਤ ਸਿੰਘ, ਜਗਰਾਜ ਸਿੰਘ, ਮਨਜੀਤ ਕੌਰ, ਭਗਵਾਨ ਸਿੰਘ ਆਦਿ ਹਾਜ਼ਰ ਸਨ।