ਨਗਰ ਕੌਂਸਲ ਬਾਘਾ ਪੁਰਾਣਾ ਦੇ 15 ਵਾਰਡਾਂ ਦੀਆਂ ਚੋਣਾਂ ’ਚ ਸੱਤ੍ਹਾਧਾਰੀ ਧਿਰ ਨੂੰ ਲੋਕ ਜ਼ਮੀਨੀ ਹਕੀਕਤ ਵਿਖਾ ਦੇਣਗੇ-ਸੁਖਜੀਤ ਸਿੰਘ ਮਾਹਲਾ
ਬਾਘਾ ਪੁਰਾਣਾ, 13 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)- ਕੁਝ ਸਮਾਂ ਪਹਿਲਾਂ ਮਾਣਯੋਗ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਾਘਾ ਪੁਰਾਣਾ ਦੇ ਪੰਦਰਾਂ ਵਾਰਡਾਂ ਦੇ ਐਮ. ਸੀ.
ਬਾਘਾ ਪੁਰਾਣਾ, 13 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)- ਕੁਝ ਸਮਾਂ ਪਹਿਲਾਂ ਮਾਣਯੋਗ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਾਘਾ ਪੁਰਾਣਾ ਦੇ ਪੰਦਰਾਂ ਵਾਰਡਾਂ ਦੇ ਐਮ.ਸੀ. ਦੀਆਂ ਚੋਣਾਂ ਦੁਬਾਰਾ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਤੇ ਇਹ ਚੋਣਾਂ ਲੜਨ ਦੀ ਤਿਆਰੀ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੀਤੀ ਜਾ ਰਹੀ ਹੈ ਤਾਂ ਜੋ ਸੱਤ੍ਹਾਧਾਰੀ ਧਿਰ ਨੂੰ ਉਸ ਦੀ ਅਸਲ ਜ਼ਮੀਨੀ ਹਕੀਕਤ ਵਿਖਾਈ ਜਾ ਸਕੇ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਬਾਘਾ ਪੁਰਾਣਾ ਦੇ ਸੀਨੀਅਰ ਅਕਾਲੀ ਆਗੂ ਸੁਖਜੀਤ ਸਿੰਘ ਮਾਹਲਾ ਨੇ ਪਾਰਟੀ ਦੇ ਵਾਰਡ ਨੰਬਰ 9 ਤੋਂ ਉਮੀਦਵਾਰ ਸਨੇਹ ਲਤਾ ਪਤਨੀ ਤੀਰਥ ਰਾਮ ਦਾ ਚੋਣ ਦਫਤਰ ਖੋਲ੍ਹਣ ਸਮੇਂ ਕੀਤਾ| ਉਨ੍ਹਾਂ ਦੱਸਿਆ ਕਿ 28 ਨਵੰਬਰ ਦਿਨ ਸਨਿਚਰਵਾਰ ਨੂੰ ਬਾਘਾ ਪੁਰਾਣਾ ਦੇ 15 ਵਾਰਡਾਂ ਦੀਆਂ ਵੋਟਾਂ ਦੁਬਾਰਾ ਪੈਣਗੀਆਂ ਕਿਉਂਕਿ ਪਹਿਲਾਂ ਸੱਤ੍ਹਾਧਾਰੀ ਆਮ ਆਦਮੀ ਪਾਰਟੀ ਨੇ ਧੱਕੇਸ਼ਾਹੀ ਕਰਦਿਆਂ ਲੋਕਾਂ ਤੋਂ ਵੋਟ ਪਾਉਣ ਦਾ ਮੌਕਾ ਹੀ ਖੋਹ ਲਿਆ ਸੀ ਪਰ ਮਾਣਯੋਗ ਹਾਈਕੋਰਟ ਦੇ ਹੁਕਮਾਂ ’ਤੇ ਹੁਣ ਦੁਬਾਰਾ ਚੋਣਾ ਹੋਣਗੀਆਂ ਤੇ ਲੋਕਾਂ ਨੂੰ ਆਪਣੀ ਵੋਟ ਪਾਉਣ ਦਾ ਅਧਿਕਾਰ ਮਿਲੇਗਾ| ਉਨ੍ਹਾਂ ਦੱਸਿਆ ਕਿ ਚੋਣ ਮੈਦਾਨ ’ਚ ਉੱਤਰੇ ਉਮੀਦਵਾਰ 13 ਨਵੰਬਰ ਤੋਂ 19 ਨਵੰਬਰ ਤੱਕ ਨਾਮਜ਼ਦਗੀ ਪੱਤਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾ ਜਮ੍ਹਾਂ ਕਰਵਾ ਸਕਣਗੇ ਅਤੇ 20 ਨਵੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਉਪਰੰਤ 21 ਨਵੰਬਰ ਨੂੰ ਕੋਈ ਵੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਸਕਦਾ ਹੈ| ਸੁਖਜੀਤ ਸਿੰਘ ਮਾਹਲਾ ਨੇ ਕਿਹਾ ਬੇਸ਼ੱਕ ਸੱਤਾਧਾਰੀ ਪਾਰਟੀ ਵਲੋਂ ਪਹਿਲਾਂ ਹੋਈਆਂ ਚੋਣਾਂ ਸਮੇਂ ਧੱਕਾ ਕੀਤਾ ਗਿਆ ਸੀ ਪਰ ਇਸ ਵਾਰ ਨਗਰ ਕੌਂਸਲ ਬਾਘਾ ਪੁਰਾਣਾ ਦੇ ਪੰਦਰਾਂ ਵਾਰਡਾਂ ਦੀਆਂ 28 ਨਵੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣ ਵਾਲੀਆਂ ਵੋਟਾਂ ’ਚ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਇਨ੍ਹਾਂ ਵਾਰਡਾਂ ਦੇ ਲੋਕ ਸੱਤ੍ਹਾਧਾਰੀ ਧਿਰ ਨੂੰ ਮੂੰਹ ਨਹੀਂ ਲਾਉਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼ਾਨਦਾਰ ਜਿੱਤ ਦਰਜ ਕਰਨਗੇ| ਉਨ੍ਹਾਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਚੋਣ ਪ੍ਰਚਾਰ ਵਿਚ ਜੁਟ ਜਾਣ|