ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਵਿਚ ਪੰਜਾਬ ਦਿਵਸ ਮਨਾਇਆ
ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ)- ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਮੋਗਾ ’ਚ ਪੰਜਾਬ ਦਿਵਸ ਮਨਾਇਆ ਗਿਆ। ਇਸ ਮੌਕੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ, ਸ਼ਾਨਾਮੱਤੇ ਇਤਿਹਾਸ ਅਤੇ ਰਵਾਇਤੀ ਜੀਵਨ-ਸ਼ੈਲੀ ਨੂੰ ਰੰਗਾਰੰਗ ਪੇਸ਼ਕਾਰੀਆਂ ਰਾਹੀਂ ਦਰਸਾਇਆ।
ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ)- ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਮੋਗਾ ’ਚ ਪੰਜਾਬ ਦਿਵਸ ਮਨਾਇਆ ਗਿਆ। ਇਸ ਮੌਕੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ, ਸ਼ਾਨਾਮੱਤੇ ਇਤਿਹਾਸ ਅਤੇ ਰਵਾਇਤੀ ਜੀਵਨ-ਸ਼ੈਲੀ ਨੂੰ ਰੰਗਾਰੰਗ ਪੇਸ਼ਕਾਰੀਆਂ ਰਾਹੀਂ ਦਰਸਾਇਆ। ਵਿਦਿਆਰਥੀਆਂ ਨੇ ਪੰਜਾਬੀ ਗੀਤਾਂ, ਲੋਕ ਨਾਚਾਂ, ਭਾਸ਼ਣਾਂ ਅਤੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਆਪਣੀ ਮਾਤ-ਭੂਮੀ ਪੰਜਾਬ ਪ੍ਰਤੀ ਪਿਆਰ ਅਤੇ ਮਾਣ ਦਾ ਪ੍ਰਗਟਾਵਾ ਕੀਤਾ। ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਇਹ ਸੰਦੇਸ਼ ਦਿੱਤਾ ਕਿ ਪੰਜਾਬ ਦੀ ਪਹਿਚਾਣ ਇਸ ਦੇ ਜੀਵੰਤ ਸੱਭਿਆਚਾਰ, ਮਿਹਨਤਕਸ਼ ਲੋਕਾਂ, ਅਮੀਰ ਰਵਾਇਤਾਂ ਅਤੇ ਆਪਸੀ ਭਾਈਚਾਰੇ ਵਿਚ ਵੱਸਦੀ ਹੈ। ਰੰਗ-ਬਿਰੰਗੇ ਰਵਾਇਤੀ ਪਹਿਰਾਵਿਆਂ ’ਚ ਸਜੇ ਵਿਦਿਆਰਥੀਆਂ ਨੇ ਪੰਜਾਬ ਦੀ ਲੋਕ-ਸੰਸਕ੍ਰਿਤੀ ਦੀ ਸੁੰਦਰ ਝਲਕ ਪੇਸ਼ ਕੀਤੀ। ਸਕੂਲ ਦੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਨੇ ਪੰਜਾਬ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਆਪਣੀ ਸ਼ਾਨਾਮੱਤੀ ਵਿਰਾਸਤ, ਮਿਹਨਤ, ਹਿੰਮਤ, ਸੇਵਾ-ਭਾਵਨਾ ਅਤੇ ਭਾਈਚਾਰੇ ਲਈ ਦੁਨੀਆ ਭਰ ਵਿਚ ਪ੍ਰਸਿੱਧ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਉਪਰਾਲਾ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਸਭਿਆਚਾਰ ਨੂੰ ਜਾਣਨ। ਸਕੂਲ ਦੀ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਕਿਹਾ ਕਿ ਪੰਜਾਬ ਦਿਵਸ ਵਰਗੇ ਸਮਾਗਮ ਬੱਚਿਆਂ ਨੂੰ ਆਪਣੀ ਸਭਿਆਚਾਰਕ ਪਹਿਚਾਣ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਮਾਧਿਅਮ ਹਨ । ਜਦੋਂ ਵਿਦਿਆਰਥੀ ਪੰਜਾਬੀ ਗੀਤਾਂ, ਲੋਕ ਨਾਚਾਂ, ਭਾਸ਼ਣਾਂ ਅਤੇ ਰਵਾਇਤੀ ਗਤੀਵਿਧੀਆਂ ’ਚ ਭਾਗ ਲੈਂਦੇ ਹਨ, ਤਾਂ ਉਹ ਆਪਣੀ ਵਿਰਾਸਤ ਨੂੰ ਸਿਰਫ਼ ਕਿਤਾਬਾਂ ਵਿਚ ਪੜ੍ਹਦੇ ਹੀ ਨਹੀਂ, ਸਗੋਂ ਉਸ ਨੂੰ ਮਹਿਸੂਸ ਵੀ ਕਰਦੇ ਹਨ ।