ਕਲੇਰ ਸਕੂਲ ਵਿਖੇ 7ਵੀਂ ਨੈਸ਼ਨਲ ਸੀ.ਆਈ.ਐਸ.ਸੀ.ਈ. ਅੰਡਰ-14 ਲੜਕੇ ਕ੍ਰਿਕਟ ਚੈਂਪੀਅਨਸ਼ਿਪ ਸਮਾਪਤ
ਫਾਈਨਲ ’ਚ ਨਾਰਥ ਇੰਡੀਆ ਨੇ ਕਰਨਾਟਕ-ਗੋਆ ਨੂੰ 71 ਦੌੜਾਂ ਨਾਲ ਹਰਾਇਆ
ਸਮਾਧ ਭਾਈ, 25 ਸਤੰਬਰ (ਜਗਰੂਪ ਸਿੰਘ ਸਰੋਆ)-ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ 7ਵੀਂ ਨੈਸ਼ਨਲ ਸੀ. ਆਈ.
ਸਮਾਧ ਭਾਈ, 25 ਸਤੰਬਰ (ਜਗਰੂਪ ਸਿੰਘ ਸਰੋਆ)-ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ 7ਵੀਂ ਨੈਸ਼ਨਲ ਸੀ.ਆਈ.ਐਸ.ਸੀ.ਈ. ਅੰਡਰ-14 (ਲੜਕੇ) ਕ੍ਰਿਕਟ ਚੈਂਪੀਅਨਸ਼ਿਪ ਦਾ ਸ਼ਾਨਦਾਰ ਢੰਗ ਨਾਲ ਸਮਾਪਤ ਹੋ ਗਈ। ਕੌਮੀ ਪੱਧਰ ਦੀ ਇਸ ਚੈਂਪੀਅਨਸ਼ਿਪ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੀਆਂ 15 ਟੀਮਾਂ ਨੇ ਭਾਗ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਤਿੰਨ ਦਿਨ ਚੱਲੇ ਇਨ੍ਹਾਂ ਮੁਕਾਬਲਿਆਂ ਦੌਰਾਨ ਕਲੇਰ ਸਕੂਲ ਦਾ ਖੇਡ ਮੈਦਾਨ ਨੌਜਵਾਨ ਕ੍ਰਿਕਟਰਾਂ ਦੇ ਜੋਸ਼ ਅਤੇ ਖੇਡ ਭਾਵਨਾ ਨਾਲ ਗੂੰਜਦਾ ਰਿਹਾ। ਚੈਂਪੀਅਨਸ਼ਿਪ ਦੇ ਸੈਮੀਫਾਈਨਲ ਮੁਕਾਬਲਿਆਂ ਵਿਚ ਪਹਿਲਾ ਸੈਮੀਫਾਈਨਲ ਨਾਰਥ ਇੰਡੀਆ ਅਤੇ ਏ.ਪੀ. ਤੇਲੰਗਾਨਾ-ਕੇਰਲਾ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ| ਜਿਸ ਵਿਚ ਨਾਰਥ ਇੰਡੀਆ ਨੇ ਜਿੱਤ ਹਾਸਲ ਕਰਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਦੂਜੇ ਸੈਮੀਫਾਈਨਲ ਵਿਚ ਨਾਰਥ ਵੈਸਟ ਅਤੇ ਕਰਨਾਟਕ-ਗੋਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ ਜਿਸ ਵਿਚ ਕਰਨਾਟਕ-ਗੋਆ ਨੇ ਜਿੱਤ ਦਰਜ ਕਰਦਿਆਂ ਫਾਈਨਲ ਲਈ ਟਿਕਟ ਕਟਾਈ। ਫਾਈਨਲ ਮੁਕਾਬਲੇ ਵਿਚ ਨਾਰਥ ਇੰਡੀਆ ਅਤੇ ਕਰਨਾਟਕ-ਗੋਆ ਦੀਆਂ ਟੀਮਾਂ ਵਿਚਕਾਰ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਨਾਰਥ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 131 ਦੌੜਾਂ ਦਾ ਟੀਚਾ ਨਿਰਧਾਰਿਤ ਕੀਤਾ ਅਤੇ ਟੀਚੇ ਦਾ ਪਿੱਛਾ ਕਰਨ ਉੱਤਰੀ ਕਰਨਾਟਕ-ਗੋਆ ਦੀ ਟੀਮ 55 ਦੌੜਾਂ ’ਤੇ ਹੀ ਆਲ ਆਊਟ ਹੋ ਗਈ ਜਿਸ ਨਾਲ ਨਾਰਥ ਇੰਡੀਆ ਨੇ 71 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਦਿਆਂ ਚੈਂਪੀਅਨਸ਼ਿਪ ਦੀ ਟਰਾਫੀ ’ਤੇ ਕਬਜ਼ਾ ਕਰ ਲਿਆ। ਸਮਾਪਤੀ ਸਮਾਰੋਹ ਮੌਕੇ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਜੇਤੂ ਟੀਮ ਨੂੰ ਟਰਾਫੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਟੂਰਨਾਮੈਂਟ ਵਿਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦੀ ਹੌਸਲਾ-ਅਫਜ਼ਾਈ ਕਰਦਿਆਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੀਆਂ ਟੀਮਾਂ, ਕੋਚ ਅਤੇ ਮੈਨੇਜਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਕੋਹਿਨੂਰ ਸਿੰਘ ਸਿੱਧੂ, ਪ੍ਰਿੰਸੀਪਲ ਡਾ. ਅਰਵਿੰਦ ਕੁਮਾਰ ਸ਼ਰਮਾ, ਸੀਨੀਅਰ ਕੋਆਰਡੀਨੇਟਰ ਰੰਜੀਵ ਸ਼ਰਮਾ, ਸਪੋਰਟਸ ਕੋਆਰਡੀਨੇਟਰ ਸੰਦੀਪ ਸ਼ੇਰ ਗਿੱਲ, ਕ੍ਰਿਕਟ ਕੋਚ ਅਰਸ਼ਦੀਪ ਸਿੰਘ, ਜੂਨੀਅਰ ਕੋਆਰਡੀਨੇਟਰ ਰੁਪਿੰਦਰ ਕੌਰ, ਦਮਨਦੀਪ ਕੌਰ, ਕਰਮਜੀਤ ਕੌਰ, ਮੋਨਿਕਾ ਚਲਾਣਾ, ਪੁਸ਼ਪ ਕਲਾ, ਗੁਰਵਿੰਦਰ ਸਿੰਘ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।