ਐੱਸ. ਏ. ਐੱਸ. ਨਗਰ, 24 ਨਵੰਬਰ (ਕਪਿਲ ਵਧਵਾ)- ਝਿਊਰਹੇੜੀ ਗ੍ਰਾਮ ਪੰਚਾਇਤ ਦੀ ਜ਼ਮੀਨ ਖ਼ਰੀਦ ’ਚ ਹੋਏ ਕਰੋੜਾਂ ਰੁਪਏ ਦੇ ਕਥਿਤ ਘੁਟਾਲੇ ਦੇ ਮਾਮਲੇ ਵਿਚ ਹੁਣ ਤਤਕਾਲੀ ਤਹਿਸੀਲਦਾਰ ਕੁਲਦੀਪ ਸਿੰਘ ਖ਼ਿਲਾਫ਼ ਵੀ ਮੁਕੱਦਮਾ ਚੱਲੇਗਾ। ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਵਿਜੀਲੈਂਸ ਬਿਊਰੋ ਵਲੋਂ ਕੁਲਦੀਪ ਸਿੰਘ ਨੂੰ ਕਲੀਨ ਚਿੱਟ ਦਿੰਦਿਆਂ ਦਾਇਰ ਕੀਤੀ ਕਲੋਜ਼ਰ ਰਿਪੋਰਟ ਖ਼ਾਰਜ ਕਰ ਦਿੱਤੀ ਹੈ। ਅਦਾਲਤ ਨੇ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਅਪਰਾਧਿਕ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਨੋਟਿਸ ਲੈਂਦਿਆਂ 25 ਨਵੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਵਿਸ਼ੇਸ਼ ਜੱਜ ਪ੍ਰਸ਼ਾਂਤ ਵਰਮਾ ਦੀ ਅਦਾਲਤ ਨੇ 18 ਨਵੰਬਰ ਨੂੰ ਸੁਣਾਏ ਵਿਸਤ੍ਰਿਤ ਹੁਕਮਾਂ ਵਿਚ ਕਿਹਾ ਕਿ ਜਾਂਚ ਏਜੰਸੀ ਵਲੋਂ ਕੁਲਦੀਪ ਸਿੰਘ ਨੂੰ ਦੋਸ਼ਾਂ ਤੋਂ ਮੁਕਤ ਕਰਨ ਦਾ ਫ਼ੈਸਲਾ ਸਹੀ ਨਹੀਂ ਹੈ। ਅਦਾਲਤ ਨੇ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 12 ਅਤੇ ਆਈ. ਪੀ. ਸੀ. ਦੀਆਂ ਧਾਰਾਵਾਂ 120-ਬੀ, 409, 420, 465, 467 ਅਤੇ 471 ਤਹਿਤ ਨੋਟਿਸ ਲਿਆ ਹੈ। ਮਾਮਲੇ ਦੇ ਵੇਰਵਿਆਂ ਅਨੁਸਾਰ ਪਿੰਡ ਝਿਊਰਹੇੜੀ ਦੀ 36 ਏਕੜ ਪੰਚਾਇਤੀ ਜ਼ਮੀਨ ਏਅਰਪੋਰਟ ਲਈ ਐਕਵਾਇਰ ਹੋਣ ਤੋਂ ਬਾਅਦ ਸਰਕਾਰ ਵਲੋਂ 54 ਕਰੋੜ 16 ਲੱਖ 87 ਹਜ਼ਾਰ 500 ਰੁਪਏ ਮੁਆਵਜ਼ਾ ਦਿੱਤਾ ਗਿਆ ਸੀ। ਇਸ ਰਕਮ ਵਿਚੋਂ 15 ਕਰੋੜ ਰੁ. ਪੰਚਾਇਤ ਨੂੰ ਜ਼ਮੀਨ ਅਤੇ ਵਪਾਰਕ ਜਾਇਦਾਦਾਂ ਖ਼ਰੀਦਣ ਲਈ ਜਾਰੀ ਕੀਤੇ ਗਏ ਸਨ। ਅਦਾਲਤੀ ਹੁਕਮਾਂ ਵਿਚ ਜ਼ਿਕਰ ਹੈ ਕਿ ਪਿੰਡ ਕੰਡੀਪੁਰ ਅਤੇ ਕਰੀਮਪੁਰਾ ਵਿਚ ਖ਼ਰੀਦੀ ਗਈ ਜ਼ਮੀਨ ਦੀ ਅਸਲ ਕੀਮਤ ਅਤੇ ਰਜਿਸਟਰੀਆਂ ਵਿਚ ਦਰਸਾਈ ਕੀਮਤ ਵਿਚ ਵੱਡਾ ਅੰਤਰ ਸੀ। ਇਸ ਤੋਂ ਇਲਾਵਾ ਪਿੰਡ ਸਨੌਲੀ ਵਿਚ ਵਪਾਰਕ ਜਾਇਦਾਦ ਦੀ ਖ਼ਰੀਦ ਵਿਚ ਵੀ ਕਥਿਤ ਤੌਰ ‘ਤੇ ਕੀਮਤਾਂ ਵਧਾ ਕੇ ਦਰਸਾਈਆਂ ਗਈਆਂ ਸਨ। ਕੁਲਦੀਪ ਸਿੰਘ ਉਸ ਸਮੇਂ ਬੱਸੀ ਪਠਾਣਾਂ ਵਿਖੇ ਤਹਿਸੀਲਦਾਰ ਵਜੋਂ ਤਾਇਨਾਤ ਸੀ। ਉਸ ਉੱਤੇ ਦੋਸ਼ ਸੀ ਕਿ ਉਸ ਨੇ 6 ਅਪ੍ਰੈਲ 2016 ਨੂੰ ਜ਼ਮੀਨ ਦੀਆਂ ਦੋ ਰਜਿਸਟਰੀਆਂ ਕਰਨ ਬਦਲੇ 10 ਲੱਖ ਰੁ. ਰਿਸ਼ਵਤ ਲਈ ਸੀ। ਅਦਾਲਤ ਨੇ ਕਿਹਾ ਕਿ ਇਨ੍ਹਾਂ ਹਾਲਾਤ ਅਤੇ ਹੋਰ ਮੁਲਜ਼ਮਾਂ ਨਾਲ ਸੰਬੰਧਿਤ ਸਬੂਤਾਂ ਨੂੰ ਸਮੁੱਚੇ ਤੌਰ ‘ਤੇ ਦੇਖਣ ਤੋਂ ਬਾਅਦ ਕੁਲਦੀਪ ਸਿੰਘ ਦੀ ਭੂਮਿਕਾ ਨੂੰ ਅਪਰਾਧਿਕ ਸਾਜ਼ਿਸ਼ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਇਸ ਲਈ ਉਸ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਲੋੜੀਂਦੇ ਆਧਾਰ ਮੌਜੂਦ ਹਨ। ਹੁਣ 25 ਨਵੰਬਰ ਨੂੰ ਉਸ ਦੀ ਸੰਭਾਵੀ ਪੇਸ਼ੀ ਤੋਂ ਬਾਅਦ ਮਾਮਲੇ ਦੀ ਅਗਲੀ ਕਾਰਵਾਈ ਅੱਗੇ ਵਧੇਗੀ।