ਅਕਾਲੀ ਦਲ ‘ਵਾਰਿਸ ਪੰਜਾਬ ਦੇ’ 23 ਜ਼ਿਲ੍ਹਿਆਂ ਦੇ ਢਾਂਚੇ ਨੂੰ ਭੰਗ ਕਰਨ ਦਾ ਫ਼ੈਸਲਾ ਰੱਦ-ਡਰਾਫਟਿੰਗ ਕਮੇਟੀ
ਚੰਡੀਗੜ੍ਹ, 31 ਅਕਤੂਬਰ (ਪ੍ਰੋ. ਅਵਤਾਰ ਸਿੰਘ) - ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿਚ ਚੱਲ ਰਿਹਾ ਅੰਦਰੂਨੀ ਜਥੇਬੰਦਕ ਵਿਵਾਦ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ।
ਚੰਡੀਗੜ੍ਹ, 31 ਅਕਤੂਬਰ (ਪ੍ਰੋ. ਅਵਤਾਰ ਸਿੰਘ) - ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿਚ ਚੱਲ ਰਿਹਾ ਅੰਦਰੂਨੀ ਜਥੇਬੰਦਕ ਵਿਵਾਦ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਪਾਰਟੀ ਦੀ ਪੰਜ ਮੈਂਬਰੀ ਪ੍ਰਿੰਸੀਪਲ ਡਰਾਫਟਿੰਗ ਕਮੇਟੀ ਨੇ ਪੰਜਾਬ ਦੇ 23 ਜ਼ਿਲ੍ਹਿਆਂ ਦਾ ਜਥੇਬੰਦਕ ਢਾਂਚਾ ਭੰਗ ਕਰਨ ਤੇ ਕਮੇਟੀ ਮੈਂਬਰਾਂ ਦੀ ਮੁੱਢਲੀ ਮੈਂਬਰਸ਼ਿਪ ਖ਼ਤਮ ਕਰਨ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ। ਕਮੇਟੀ ਨੇ ਪਾਰਟੀ ਲੀਡਰਸ਼ਿਪ ਨੂੰ ਮਸਲੇ ਦਾ ਹੱਲ ਕਰਨ ਲਈ ਸੱਤ ਦਿਨਾਂ ਦਾ ਸਮਾਂ ਦਿੱਤਾ ਹੈ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਵਿਵਾਦ ਹੱਲ ਨਾ ਹੋਇਆ ਤਾਂ ਕਥਿਤ ਬਾਹਰੀ ਦਖ਼ਲਅੰਦਾਜ਼ੀ ਤੇ ਸਰਕਾਰੀ ਪ੍ਰਭਾਵ ਸਬੰਧੀ ਸਬੂਤਾਂ ਸਮੇਤ ਵੱਡੇ ਖ਼ੁਲਾਸੇ ਕੀਤੇ ਜਾਣਗੇ। ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਮੇਟੀ ਮੈਂਬਰਾਂ ਦਲਜੀਤ ਸਿੰਘ ਸੋਢੀ, ਜਸਵਿੰਦਰ ਸਿੰਘ ਡਰੋਲੀ ਅਤੇ ਗੁਰਦੀਪ ਸਿੰਘ ਭੰਡਾਲ ਨੇ ਦੋਸ਼ ਲਾਇਆ ਕਿ ਪਾਰਟੀ ਆਪਣੇ ਮੁੱਢਲੇ ਪੰਥਕ ਸਿਧਾਂਤਾਂ ਤੋਂ ਦੂਰ ਹੋ ਰਹੀ ਹੈ। ਕਮੇਟੀ ਅਨੁਸਾਰ ਭਾਈ ਦੀਪ ਸਿੱਧੂ ਵਲੋਂ ਪੰਜਾਬ ਦੀ ਹੋਂਦ ਤੇ ਪੰਥਕ ਸਵੈ ਮਾਣ ਦਾ ਸੁਨੇਹਾ ਦਿੱਤਾ ਗਿਆ ਸੀ, ਜਦਕਿ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਵੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਖ਼ਾਲਸਾਈ ਸਿਧਾਂਤਾਂ ਨੂੰ ਪ੍ਰਫੁੱਲਿਤ ਕਰਨ ਦਾ ਸੰਕਲਪ ਲਿਆ ਸੀ । ਪੰਜ ਘੰਟੇ ਦੀ ਮੀਟਿੰਗ ਵਿਚ ਤੱਥ ਤੇ ਸਬੂਤ ਪੇਸ਼ ਕੀਤੇ ਗਏ। ਕਮੇਟੀ ਦਾ ਦਾਅਵਾ ਹੈ ਕਿ ਜਾਂਚ ਲਈ ਤਿੰਨ ਦਿਨਾਂ ਦਾ ਸਮਾਂ ਮੰਗਣ ਦੇ ਬਾਵਜੂਦ 24 ਘੰਟਿਆਂ ਅੰਦਰ 23 ਜ਼ਿਲ੍ਹਿਆਂ ਦਾ ਢਾਂਚਾ ਭੰਗ ਕਰ ਦਿੱਤਾ ਗਿਆ। ਕਮੇਟੀ ਨੇ ਇਸ ਕਾਰਵਾਈ ਨੂੰ ਗੈਰ-ਸੰਵਿਧਾਨਕ ਕਰਾਰ ਦਿੰਦਿਆਂ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਤਜਿੰਦਰ ਸਿੰਘ ਢਿੱਲੋਂ ਦਾ ਅਸਤੀਫ਼ਾ ਵੀ ਨਾਮਨਜ਼ੂਰ ਕਰਕੇ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਜਾਰੀ ਰੱਖਣ ਲਈ ਕਿਹਾ ਗਿਆ। ਇਸ ਮੌਕੇ ਜਗਦੀਪ ਸਿੰਘ ਕੰਸਾਲਾ, ਕ੍ਰਿਸ਼ਨ ਸਿੰਘ ਸਮੇਤ ਕਈ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਆਗੂ ਵੀ ਹਾਜ਼ਰ ਸਨ।