ਨੀਟ ਪੇਪਰ ਲੀਕ ਮਾਮਲਾ ਰਾਊਜ਼ ਐਵੇਨਿਊ ਕੋਰਟ ਨੇ 14 ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰਨ ਬਾਰੇ ਫ਼ੈਸਲਾ ਰਾਖਵਾਂ ਰੱਖਿਆ
ਨਵੀਂ ਦਿੱਲੀ, 29 ਅਕਤੂਬਰ (ਜਗਤਾਰ ਸਿੰਘ)-ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਨੀਟ ਯੂ. ਜੀ.
ਨਵੀਂ ਦਿੱਲੀ, 29 ਅਕਤੂਬਰ (ਜਗਤਾਰ ਸਿੰਘ)-ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਨੀਟ ਯੂ.ਜੀ. ਪੇਪਰ ਲੀਕ ਮਾਮਲੇ ਵਿਚ 14 ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰਨ ਬਾਰੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਵਿਸ਼ੇਸ਼ ਸੀ.ਬੀ.ਆਈ. ਜੱਜ ਅਜੈ ਗੁਪਤਾ ਦੀ ਫਾਸਟ-ਟਰੈਕ ਅਦਾਲਤ ਇਸ ਮਾਮਲੇ ’ਤੇ ਆਪਣਾ ਹੁਕਮ 18 ਨਵੰਬਰ ਨੂੰ ਸੁਣਾਏਗੀ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੱਲੋਂ ਇਸ ਮਾਮਲੇ ਵਿਚ ਕੁੱਲ 14 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।ਸੀ.ਬੀ.ਆਈ. ਨੇ ਪਹਿਲਾਂ 13 ਮੁਲਜ਼ਮਾਂ ਵਿਰੁੱਧ ਮੁੱਖ ਦੋਸ਼ ਪੱਤਰ ਦਾਖ਼ਲ ਕੀਤਾ ਸੀ, ਜਿਸ ’ਤੇ ਅਦਾਲਤ ਨੇ ਅਗਸਤ 2026 ਵਿਚ ਨੋਟਿਸ ਲਿਆ ਸੀ। ਇਸ ਤੋਂ ਬਾਅਦ, 14ਵੇਂ ਮੁਲਜ਼ਮ ਸ਼ੇਸ਼ਰਾਓ ਬਜਰੰਗ ਸੂਰਿਆਵੰਸ਼ੀ (ਜਿਸ ਨੂੰ 2 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ) ਖ਼ਿਲਾਫ਼ ਇਕ ਪੂਰਕ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ। ਅਦਾਲਤ ਨੇ ਸੀ.ਬੀ.ਆਈ. ਤੇ 14ਵੇਂ ਮੁਲਜ਼ਮ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ ਤੈਅ ਕਰਨ ਬਾਰੇ ਫ਼ੈਸਲਾ ਰਾਖਵਾਂ ਰੱਖਿਆ ਹੈ।ਸੀ.ਬੀ.ਆਈ. ਨੇ ਮਈ 2026 ਵਿਚ ਨੀਟ ਯੂ.ਜੀ. ਪੇਪਰ ਲੀਕ ਤੇ ਹੋਰ ਬੇਨਿਯਮੀਆਂ ਦੀ ਜਾਂਚ ਲਈ ਕੇਸ ਦਰਜ ਕੀਤਾ ਸੀ।