ਲੁਧਿਆਣਾ ’ਚ ਨੌਜਵਾਨ ਦਾ ਕਤਲ
ਲਗਾਤਾਰ ਚੌਥੇ ਦਿਨ ਕਤਲ ਦੀ ਘਟਨਾ ਕਾਰਨ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ
ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੰਧੂ ਨਗਰ ਵਿਚ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵਲੋਂ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਦੇਰ ਸ਼ਾਮ ਤੱਕ ਸ਼ਨਾਖ਼ਤ ਨਹੀਂ ਕੀਤੀ ਗਈ।
ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੰਧੂ ਨਗਰ ਵਿਚ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵਲੋਂ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਦੇਰ ਸ਼ਾਮ ਤੱਕ ਸ਼ਨਾਖ਼ਤ ਨਹੀਂ ਕੀਤੀ ਗਈ। ਸੰਧੂ ਨਗਰ ਵਿਚ ਐਡਵੋਕੇਟ ਹਰਮਨ ਸਿੰਘ ਦੀ ਫ਼ੈਕਟਰੀ ਉਸਾਰੀ ਅਧੀਨ ਹੈ। ਜਦੋਂ ਐਡਵੋਕੇਟ ਹਰਮਨ ਸਿੰਘ ਉਥੇ ਗੇੜਾ ਮਾਰਨ ਗਏ ਤਾਂ ਉਨ੍ਹਾਂ ਨੇ ਉਥੇ ਇਕ ਨੌਜਵਾਨ ਦੀ ਲਾਸ਼ ਪਈ ਦੇਖੀ ਤਾਂ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਥਾਣਾ ਹੈਬੋਵਾਲ ਦੇ ਐਸ.ਐਚ.ਓ. ਜਸਵੀਰ ਸਿੰਘ ਪੁਲਿਸ ਪਾਰਟੀ ਸਮੇਤ ਉਥੇ ਪਹੁੰਚੇ। ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 35 ਸਾਲ ਦੇ ਕਰੀਬ ਹੈ ਤੇ ਉਸਦਾ ਕੱਦ 5 ਫੁੱਟ ਹੈ। ਉਨ੍ਹਾਂ ਦੱਸਿਆ ਕਿ ਉਸਨੇ ਹਰੇ ਰੰਗ ਦੀ ਚੈਕਦਾਰ ਕਮੀਜ਼ ਅਤੇ ਹਰੇ ਰੰਗ ਦਾ ਪਜਾਮਾ ਪਾਇਆ ਹੋਇਆ ਹੈ ਅਤੇ ਉਸਦੇ ਸਰੀਰ ’ਤੇ ਸੱਟਾਂ ਦੇ ਕਈ ਨਿਸ਼ਾਨ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਹਾਲ ਦੀ ਘੜੀ ਇਸ ਮਾਮਲੇ ਵਿਚ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਉਸਦੀ ਸ਼ਨਾਖ਼ਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੁਧਿਆਣਾ ਵਿਚ ਲਗਾਤਾਰ ਚੌਥੇ ਦਿਨ ਹੋਏ ਚਾਰ ਵਿਅਕਤੀਆਂ ਦੇ ਕਤਲ ਦੀ ਘਟਨਾ ਕਾਰਨ ਸ਼ਹਿਰ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।