ਸਾਊਦੀ ਅਰਬ ’ਚ ਪਾਕਿਸਤਾਨ ਦੇ 8,000 ਸੈਨਿਕ ਤਾਇਨਾਤ
ਹੂਤੀ ਹਮਲਿਆਂ ਖ਼ਿਲਾਫ਼ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ
ਅੰਮ੍ਰਿਤਸਰ, 20 ਸਤੰਬਰ (ਸੁਰਿੰਦਰ ਕੋਛੜ)-ਯਮਨ ਦੇ ਈਰਾਨ ਸਮਰਥਿਤ ਹੂਤੀ ਬਾਗ਼ੀਆਂ ਵਲੋਂ ਸਾਊਦੀ ਅਰਬ ’ਤੇ ਤੇਜ਼ ਕੀਤੇ ਗਏ ਹਮਲਿਆਂ ਦਰਮਿਆਨ ਪਾਕਿਸਤਾਨੀ ਫ਼ੌਜ ਨੇ ਇਕ ਵੱਡਾ ਬਿਆਨ ਜਾਰੀ ਕੀਤਾ ਹੈ। ਪਾਕਿ ਦੀ ਫ਼ੌਜ ਨੇ ਐਲਾਨ ਕੀਤਾ ਹੈ ਕਿ ਉਹ ਸਾਊਦੀ ਅਰਬ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ।
ਅੰਮ੍ਰਿਤਸਰ, 20 ਸਤੰਬਰ (ਸੁਰਿੰਦਰ ਕੋਛੜ)-ਯਮਨ ਦੇ ਈਰਾਨ ਸਮਰਥਿਤ ਹੂਤੀ ਬਾਗ਼ੀਆਂ ਵਲੋਂ ਸਾਊਦੀ ਅਰਬ ’ਤੇ ਤੇਜ਼ ਕੀਤੇ ਗਏ ਹਮਲਿਆਂ ਦਰਮਿਆਨ ਪਾਕਿਸਤਾਨੀ ਫ਼ੌਜ ਨੇ ਇਕ ਵੱਡਾ ਬਿਆਨ ਜਾਰੀ ਕੀਤਾ ਹੈ। ਪਾਕਿ ਦੀ ਫ਼ੌਜ ਨੇ ਐਲਾਨ ਕੀਤਾ ਹੈ ਕਿ ਉਹ ਸਾਊਦੀ ਅਰਬ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਫ਼ੌਜ ਦੇ ਇਸ ਬਿਆਨ ਨੂੰ ਸੰਕਟ ਦੇ ਸਮੇਂ ਪਾਕਿਸਤਾਨ ਵਲੋਂ ਸਿੱਧੇ ਤੌਰ ’ਤੇ ਜੰਗ ਦੇ ਮੈਦਾਨ ’ਚ ਉੱਤਰਨ ਦੇ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ। ਦਰਅਸਲ, ਬੀਤੇ ਦਿਨੀਂ ਸਾਊਦੀ ਅਰਬ ਨੇ ਹੂਤੀ ਬਾਗ਼ੀਆਂ ’ਤੇ ਪਵਿੱਤਰ ਸ਼ਹਿਰ ਮੱਕਾ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਕਾਰਨ ਸਮੁੱਚੇ ਇਸਲਾਮਿਕ ਜਗਤ ’ਚ ਭਾਰੀ ਰੋਸ ਫੈਲ ਗਿਆ ਸੀ; ਹਾਲਾਂਕਿ ਹੂਤੀਆਂ ਨੇ ਇਸ ਦੋਸ਼ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਸੀ। ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਆਈ.ਐੱਸ.ਪੀ.ਆਰ. ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਕਿਹਾ ਕਿ ਪਾਕਿ ਸਾਊਦੀ ਅਰਬ ਨੂੰ ਕੂਟਨੀਤਕ ਤੇ ਜ਼ਮੀਨੀ ਦੋਵਾਂ ਪੱਧਰਾਂ ’ਤੇ ਪੂਰਾ ਸਮਰਥਨ ਦੇਵੇਗਾ। ਚੌਧਰੀ ਨੇ ਗੱਲਬਾਤ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ। ਉਨ੍ਹਾਂ ਅੱਗੇ ਦੱਸਿਆ ਕਿ ਇਸਲਾਮ ਦੇ 2 ਸਭ ਤੋਂ ਪਵਿੱਤਰ ਅਸਥਾਨਾਂ ਮੱਕਾ ਤੇ ਮਦੀਨਾ ਸਮੇਤ ਸਾਊਦੀ ਅਰਬ ਦੀ ਸੁਰੱਖਿਆ ਲਈ ਪਾਕਿਸਤਾਨੀ ਫ਼ੌਜ ਪਹਿਲਾਂ ਤੋਂ ਹੀ ਉੱਥੇ ਤਾਇਨਾਤ ਹੈ ਅਤੇ ਸਾਊਦੀ ਲੀਡਰਸ਼ਿਪ ਤੇ ਉੱਥੋਂ ਦੇ ਲੋਕਾਂ ਦੀ ਮੰਗ ਮੁਤਾਬਿਕ ਉਹ ਅੱਗੇ ਵੀ ਕਿਸੇ ਵੀ ਕਦਮ ਲਈ ਤਿਆਰ ਹਨ। ਉਨ੍ਹਾਂ ਨੇ ਦੱਸਿਆ ਕਿ ਪਾਕਿ ਨੇ ਵਧਦੇ ਖੇਤਰੀ ਤਣਾਅ ਦੇ ਵਿਚਕਾਰ ਰਾਜ ਦੀ ਰੱਖਿਆ ਦਾ ਸਮਰਥਨ ਕਰਨ ਲਈ ਸਾਊਦੀ ਅਰਬ ’ਚ ਲਗਭਗ 8,000 ਲੜਾਕੂ ਸੈਨਿਕ ਤਾਇਨਾਤ ਕੀਤੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਨੇ ਹਾਲ ਹੀ ’ਚ ‘ਮੱਕਾ ਰੱਖਿਆ ਸਮਝੌਤੇ’ ’ਤੇ ਦਸਤਖ਼ਤ ਕੀਤੇ ਸਨ, ਜਿਸ ਨੂੰ ਮੁਸਲਿਮ ਦੁਨੀਆ ਦਾ ‘ਨਾਟੋ’ ਮੰਨਿਆ ਜਾ ਰਿਹਾ ਹੈ। ਇਸ ਸਮਝੌਤੇ ਮੁਤਾਬਿਕ ਤਿੰਨਾਂ ’ਚੋਂ ਕਿਸੇ ਵੀ ਇਕ ਮੁਲਕ ’ਤੇ ਹੋਇਆ ਹਮਲਾ ਸਾਰੇ ਦੇਸ਼ਾਂ ’ਤੇ ਹਮਲਾ ਮੰਨਿਆ ਜਾਵੇਗਾ। ਹੂਤੀ ਹਮਲਿਆਂ ਤੋਂ ਬਾਅਦ ਇਸ ਸਮਝੌਤੇ ਦੀ ਜ਼ਮੀਨੀ ਹਕੀਕਤ ’ਤੇ ਸਵਾਲ ਉੱਠ ਰਹੇ ਸਨ, ਜਿਸ ਦੌਰਾਨ ਪਾਕਿਸਤਾਨੀ ਫ਼ੌਜ ਦਾ ਇਹ ਸਖ਼ਤ ਰੁਖ਼ ਸਾਹਮਣੇ ਆਇਆ ਹੈ।