ਪਾਕਿ ’ ਚ ਆਰਥਿਕ ਤੰਗੀ ਵਿਚਾਲੇ ਵੱਡੇ ਫ਼ੈਸਲੇ ਅਧਿਕਾਰੀਆਂ ਦੇ ਵਿਦੇਸ਼ ਦੌਰਿਆਂ ’ ਤੇ ਰੋਕ
ਅੰਮ੍ਰਿਤਸਰ, 18 ਸਤੰਬਰ (ਸੁਰਿੰਦਰ ਕੋਛੜ)-ਮੱਧ ਪੂਰਬ ‘ਚ ਵਧਦੇ ਤਣਾਅ ਅਤੇ ਆਰਥਿਕ ਸੰਕਟ ਦੇ ਮੱਦੇਨਜ਼ਰ ਪਾਕਿਸਤਾਨ ਸਰਕਾਰ ਨੇ ਦੇਸ਼ ਭਰ ਵਿਚ ਤੇਲ ਦੀ ਖਪਤ ਘਟਾਉਣ ਅਤੇ ਖ਼ਰਚਿਆਂ ‘ਤੇ ਕਾਬੂ ਪਾਉਣ ਲਈ ਕਈ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਹੈ। ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਅਧਿਕਾਰੀਆਂ ਦੇ ਗ਼ੈਰ-ਜ਼ਰੂਰੀ ਵਿਦੇਸ਼ ਦੌਰਿਆਂ ‘ਤੇ ਪਾਬੰਦੀ ਲਗਾਈ ਗਈ ਹੈ।
ਅੰਮ੍ਰਿਤਸਰ, 18 ਸਤੰਬਰ (ਸੁਰਿੰਦਰ ਕੋਛੜ)-ਮੱਧ ਪੂਰਬ ‘ਚ ਵਧਦੇ ਤਣਾਅ ਅਤੇ ਆਰਥਿਕ ਸੰਕਟ ਦੇ ਮੱਦੇਨਜ਼ਰ ਪਾਕਿਸਤਾਨ ਸਰਕਾਰ ਨੇ ਦੇਸ਼ ਭਰ ਵਿਚ ਤੇਲ ਦੀ ਖਪਤ ਘਟਾਉਣ ਅਤੇ ਖ਼ਰਚਿਆਂ ‘ਤੇ ਕਾਬੂ ਪਾਉਣ ਲਈ ਕਈ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਹੈ। ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਅਧਿਕਾਰੀਆਂ ਦੇ ਗ਼ੈਰ-ਜ਼ਰੂਰੀ ਵਿਦੇਸ਼ ਦੌਰਿਆਂ ‘ਤੇ ਪਾਬੰਦੀ ਲਗਾਈ ਗਈ ਹੈ। ਸਰਕਾਰੀ ਮੀਟਿੰਗਾਂ ਟੈਲੀ-ਕਾਨਫ਼ਰੰਸਿੰਗ ਰਾਹੀਂ ਕੀਤੀਆਂ ਜਾਣਗੀਆਂ ਅਤੇ ਵਿਦੇਸ਼ੀ ਵਫ਼ਦਾਂ ਤੋਂ ਬਿਨਾਂ ਕਿਸੇ ਹੋਰ ਲਈ ਅਧਿਕਾਰਤ ਰਾਤ ਦੇ ਖਾਣੇ ਦੇ ਆਯੋਜਨ ‘ਤੇ ਰੋਕ ਰਹੇਗੀ। ਉਕਤ ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਆਉਣ ਵਾਲੇ ਤਿੰਨ ਮਹੀਨਿਆਂ ਲਈ ਸਰਕਾਰੀ ਵਾਹਨਾਂ ਦੇ ਤੇਲ ਕੋਟੇ ‘ਚ 50 ਫ਼ੀਸਦੀ ਕਟੌਤੀ ਕੀਤੀ ਗਈ ਹੈ। ਹਾਲਾਂਕਿ, ਹਥਿਆਰਬੰਦ ਬਲਾਂ, ਸੁਰੱਖਿਆ ਏਜੰਸੀਆਂ, ਜ਼ਰੂਰੀ ਸੇਵਾਵਾਂ ਅਤੇ ਫੈਡਰਲ ਬੋਰਡ ਆਫ਼ ਰੈਵੇਨਿਊ (ਐਫ. ਬੀ. ਆਰ.) ਦੇ ਵਾਹਨਾਂ ਨੂੰ ਇਸ ਪਾਬੰਦੀ ਤੋਂ ਛੋਟ ਮਿਲੇਗੀ। ਸਰਕਾਰੀ ਵਾਹਨਾਂ ਦੀ ਖ਼ਰੀਦ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਈ. ਟੀ. ਉਪਕਰਨਾਂ ਨੂੰ ਛੱਡ ਕੇ ਹੋਰ ਕਿਸੇ ਵੀ ਤਰ੍ਹਾਂ ਦੀ ਨਵੀਂ ਖ਼ਰੀਦ ਨਹੀਂ ਕੀਤੀ ਜਾਵੇਗੀ। ਫ਼ਜ਼ੂਲ ਖ਼ਰਚੀ ਰੋਕਣ ਲਈ ਵਿਆਹਾਂ ‘ਚ ਸਿਰਫ਼ ਇਕ ਹੀ ਪਕਵਾਨ ਪਰੋਸਣ ਦਾ ਨਿਯਮ ਲਾਗੂ ਰਹੇਗਾ। ਮੈਰਿਜ ਹਾਲ, ਟੈਂਟ ਅਤੇ ਵਪਾਰਕ ਸਮਾਗਮਾਂ ਵਾਲੀਆਂ ਥਾਵਾਂ ਨੂੰ ਰਾਤ 10 ਵਜੇ ਤੱਕ ਹੀ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਦੁਕਾਨਾਂ, ਮੰਡੀਆਂ, ਬਾਜ਼ਾਰ ਅਤੇ ਸ਼ਾਪਿੰਗ ਮਾਲ ਰਾਤ 9 ਵਜੇ ਬੰਦ ਹੋਣਗੇ। ਜਦਕਿ ਰੈਸਟੋਰੈਂਟ, ਕੈਫ਼ੇ ਅਤੇ ਖਾਣ-ਪੀਣ ਵਾਲੀਆਂ ਹੋਰ ਦੁਕਾਨਾਂ ਰਾਤ 11 ਵਜੇ ਬੰਦ ਕੀਤੀਆਂ ਜਾਣਗੀਆਂ।