ਭਾਰਤ ’ਚ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਕਰਦੇ ਗਰੋਹ ਦਾ ਪਰਦਾਫਾਸ਼
ਫ਼ਾਜ਼ਿਲਕਾ, 7 ਸਤੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਫ਼ਾਜ਼ਿਲਕਾ ਨੇ ਦੋ ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਗਰੋਹ ਦਾ ਭਾਂਡਾ ਭੰਨਿਆ ਹੈ। ਇਨ੍ਹਾਂ ਆਪ੍ਰੇਸ਼ਨਾਂ ਦੌਰਾਨ ਕੁੱਲ 2.
ਫ਼ਾਜ਼ਿਲਕਾ, 7 ਸਤੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਫ਼ਾਜ਼ਿਲਕਾ ਨੇ ਦੋ ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਗਰੋਹ ਦਾ ਭਾਂਡਾ ਭੰਨਿਆ ਹੈ। ਇਨ੍ਹਾਂ ਆਪ੍ਰੇਸ਼ਨਾਂ ਦੌਰਾਨ ਕੁੱਲ 2.029 ਕਿੱਲੋ ਹੈਰੋਇਨ, 5 ਨਾਜਾਇਜ਼ ਪਿਸਤੌਲ ਤੇ 5 ਮੈਗਜ਼ੀਨ ਬਰਾਮਦ ਕੀਤੇ ਗਏ ਹਨ । ਹੈਰੋਇਨ ਦੀ ਬਰਾਮਦਗੀ ਦੇ ਸਬੰਧ ਵਿਚ ਇਕ ਕਥਿਤ ਦੋਸ਼ੀ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕੀਤਾ ਹੈ । ਇਸ ਸਬੰਧੀ ਏ.ਆਈ.ਜੀ. ਸ੍ਰੀ ਨਰੇਸ਼ ਡੋਗਰਾ ਨੇ ਦੱਸਿਆ ਕਿ 6 ਸਤੰਬਰ ਨੂੰ ਮਿਲੀ ਪੁਖ਼ਤਾ ਇਤਲਾਹ ’ਤੇ ਕਾਰਵਾਈ ਕਰਦਿਆਂ ਐੱਸ.ਐੱਸ.ਓ.ਸੀ. ਫ਼ਾਜ਼ਿਲਕਾ ਨੇ ਬਾਰਡਰ ਸਿਕਿਉਰਿਟੀ ਫੋਰਸ ਦੇ ਨਾਲ ਸਾਂਝੀ ਕਾਰਵਾਈ ਕਰਦਿਆਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਬੀ.ਓ.ਪੀ. ਕੱਸੋ ਕੇ (ਬੀ.ਪੀ. ਨੰ. 183/3) ਦੇ ਖੇਤਰ ਵਿਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ । ਇਸ ਦੌਰਾਨ 5 ਨਾਜਾਇਜ਼ ਪਿਸਤੌਲ ਅਤੇ 5 ਮੈਗਜ਼ੀਨ ਬਰਾਮਦ ਹੋਏ, ਜੋ ਪਾਕਿਸਤਾਨ ਤੋਂ ਸਰਹੱਦ ਪਾਰ ਕਰਵਾ ਕੇ ਭਾਰਤ ਵਿਚ ਭੇਜੇ ਗਏ ਸਨ । ਇਸ ਸਬੰਧ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਅਸਲਾ ਐਕਟ ਦੀ ਧਾਰਾ 25/54/59 ਤਹਿਤ ਮੁਕੱਦਮਾ ਨੰਬਰ 20 ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ 7 ਸਤੰਬਰ ਨੂੰ ਕੀਤੀ ਗਈ ਦੂਜੀ ਕਾਰਵਾਈ ਦੌਰਾਨ ਐੱਸ.ਐੱਸ.ਓ.ਸੀ. ਟੀਮ ਨੇ ਜਲਾਲਾਬਾਦ ਦੇ ਨਹਿਰ ਵਾਲੀ ਸੜਕ, ਪਿੰਡ ਬਘੇ ਕੇ ਉੱਤਰ ਨੇੜਿਓਂ ਇੱਕ ਵਿਅਕਤੀ ਨੂੰ ਕਾਬੂ ਕੀਤਾ। ਫੜੇ ਗਏ ਕਥਿਤ ਮੁਲਜ਼ਮ ਦੀ ਪਛਾਣ ਸਾਜਨ ਪੁੱਤਰ ਪਾਲਾ ਸਿੰਘ ਵਾਸੀ ਬਸਤੀ ਬਾਬਾ ਸਰੂਪ ਦਾਸ ਥਾਣਾ ਸਦਰ ਜਲਾਲਾਬਾਦ, ਫ਼ਾਜ਼ਿਲਕਾ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ 2.029 ਕਿੱਲੋ ਹੈਰੋਇਨ ਬਰਾਮਦ ਹੋਈ । ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਦੀ ਧਾਰਾ 21/61/85 ਤਹਿਤ ਮੁਕੱਦਮਾ ਨੰਬਰ 21 ਦਰਜ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹੈਰੋਇਨ ਅਤੇ ਹਥਿਆਰਾਂ ਦੀ ਇਹ ਖੇਪ ਪਾਕਿਸਤਾਨੀ ਤਸਕਰਾਂ ਰਾਹੀਂ ਮੰਗਵਾਈ ਗਈ ਸੀ, ਜਿਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।