ਪੰਜਾਬ ’ਚ ਹੁਣ ਤੱਕ ਮਾਨਸੂਨ ਦਾ ਮੀਂਹ 34 ਫ਼ੀਸਦੀ ਘੱਟ ਪਿਆ
ਮੂਣਕ, 28 ਅਗਸਤ (ਕੇਵਲ ਸਿੰਗਲਾ)-ਪੰਜਾਬ ਵਿਚ ਇਸ ਵਾਰ ਮਾਨਸੂਨ ਦੀ ਰਫ਼ਤਾਰ ਕਾਫ਼ੀ ਕਮਜ਼ੋਰ ਰਹੀ ਹੈ। 1 ਜੂਨ ਤੋਂ 27 ਅਗਸਤ ਤੱਕ ਸੂਬੇ ਵਿਚ ਆਮ ਨਾਲੋਂ 34 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ।
ਮੂਣਕ, 28 ਅਗਸਤ (ਕੇਵਲ ਸਿੰਗਲਾ)-ਪੰਜਾਬ ਵਿਚ ਇਸ ਵਾਰ ਮਾਨਸੂਨ ਦੀ ਰਫ਼ਤਾਰ ਕਾਫ਼ੀ ਕਮਜ਼ੋਰ ਰਹੀ ਹੈ। 1 ਜੂਨ ਤੋਂ 27 ਅਗਸਤ ਤੱਕ ਸੂਬੇ ਵਿਚ ਆਮ ਨਾਲੋਂ 34 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਮੀਂਹ ਦੀ ਘਾਟ ਦਾ ਅਸਰ ਭਾਖੜਾ, ਪੌਂਗ ਅਤੇ ਰਣਜੀਤ ਸਾਗਰ ਡੈਮਾਂ ਦੇ ਪਾਣੀ ਪੱਧਰ ’ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ। ਬੀ.ਬੀ.ਐਮ.ਬੀ. ਮੁਤਾਬਕ 27 ਅਗਸਤ ਨੂੰ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1,634.22 ਫੁੱਟ ਰਿਹਾ, ਜੋ ਪਿਛਲੇ ਸਾਲ ਨਾਲੋਂ 37.27 ਫੁੱਟ ਘੱਟ ਹੈ। ਡੈਮ ਸਿਰਫ਼ 64 ਫ਼ੀਸਦੀ ਭਰਿਆ ਹੈ, ਜਦੋਂਕਿ ਪਿਛਲੇ ਸਾਲ ਇਹ 93 ਫ਼ੀਸਦੀ ਭਰਿਆ ਹੋਇਆ ਸੀ। ਭਾਖੜਾ ਵਿਚ ਪਾਣੀ ਦੀ ਆਮਦ ਵੀ ਪਿਛਲੇ ਸਾਲ ਦੇ ਮੁਕਾਬਲੇ ਲਗਭਗ ਅੱਧੀ ਰਹੀ। ਪੌਂਗ ਡੈਮ ਵਿਚ ਪਾਣੀ ਦਾ ਪੱਧਰ 1,365.67 ਫੁੱਟ ਦਰਜ ਹੋਇਆ, ਜੋ ਪਿਛਲੇ ਸਾਲ ਨਾਲੋਂ 27.33 ਫੁੱਟ ਘੱਟ ਹੈ। ਉਥੇ ਪਾਣੀ ਦੀ ਆਮਦ ਵੀ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਰਹੀ। ਰਣਜੀਤ ਸਾਗਰ ਡੈਮ ਦੀ ਸਥਿਤੀ ਵੀ ਚਿੰਤਾਜਨਕ ਹੈ। ਇਥੇ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ 40.26 ਫੁੱਟ ਹੇਠਾਂ ਹੈ ਅਤੇ ਪਾਣੀ ਦੀ ਆਮਦ ਵਿਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦਰਮਿਆਨ ਬੀ. ਬੀ. ਐਮ. ਬੀ. ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਦੀ ਵਰਤੋਂ ਲੋੜ ਮੁਤਾਬਕ ਅਤੇ ਸੰਜਮ ਨਾਲ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਪੀਣ ਵਾਲੇ ਪਾਣੀ ਅਤੇ ਸਿੰਚਾਈ ਲਈ ਸਾਲ ਭਰ ਦੀ ਲੋੜ ਪੂਰੀ ਕੀਤੀ ਜਾ ਸਕੇ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ 1 ਜੂਨ ਤੋਂ 27 ਅਗਸਤ ਤੱਕ 229.2 ਮਿਲੀਮੀਟਰ ਮੀਂਹ ਪਿਆ, ਜਦੋਂਕਿ ਆਮ ਵਰਖਾ 349 ਮਿਲੀਮੀਟਰ ਹੋਣੀ ਚਾਹੀਦੀ ਸੀ। ਮਾਨਸੂਨ ਦਾ ਸੀਜ਼ਨ 15 ਸਤੰਬਰ ਨੂੰ ਖ਼ਤਮ ਹੋਣਾ ਹੈ। ਹੁਣ ਸੂਬੇ ਦੀ ਨਜ਼ਰ ਬਾਕੀ ਰਹਿੰਦੇ ਦਿਨਾਂ ਵਿਚ ਹੋਣ ਵਾਲੇ ਮੀਂਹ ’ਤੇ ਟਿਕੀ ਹੋਈ ਹੈ।