ਐੱਸ. ਏ. ਐੱਸ. ਨਗਰ, 11 ਅਗਸਤ (ਕਪਿਲ ਵਧਵਾ)-ਭਾਰਤ-ਪਾਕਿਸਤਾਨ ਸਰਹੱਦ ਪਾਰ ਤੋਂ ਕਥਿਤ ਤੌਰ ‘ਤੇ ਆਈ. ਈ. ਡੀ., ਹਥਿਆਰ ਅਤੇ ਹੈਰੋਇਨ ਮੰਗਵਾ ਕੇ ਭਾਰਤ ਵਿਚ ਦਹਿਸ਼ਤੀ ਹਮਲੇ ਕਰਨ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿਚ ਦੋ ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਦੋਸ਼ ਪੱਤਰ ਵਿਚ ਗ੍ਰਿਫ਼ਤਾਰ ਮੁਲਜ਼ਮ ਸ਼ੁਭਮ ਕੁਮਾਰ ਅਤੇ ਫ਼ਰਾਰ ਚੱਲ ਰਹੇ ਮੁਲਜ਼ਮ ਜਸਵੀਰ ਚੌਧਰੀ ਨੂੰ ਨਾਮਜ਼ਦ ਕੀਤਾ ਗਿਆ ਹੈ। ਦੋਵਾਂ ਖ਼ਿਲਾਫ਼ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ. ਏ. ਪੀ. ਏ.), ਧਮਾਕਾਖੇਜ਼ ਪਦਾਰਥ ਐਕਟ, ਅਸਲ੍ਹਾ ਐਕਟ, ਐੱਨ. ਡੀ. ਪੀ. ਐੱਸ. ਐਕਟ ਅਤੇ ਰੇਲਵੇ ਐਕਟ ਸਮੇਤ ਹੋਰ ਸੰਬੰਧਿਤ ਕਾਨੂੰਨਾਂ ਤਹਿਤ ਦੋਸ਼ ਲਗਾਏ ਗਏ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 28 ਅਗਸਤ ਨੂੰ ਵਿਸ਼ੇਸ਼ ਜੱਜ ਐੱਨ. ਆਈ. ਏ. ਦਿਨੇਸ਼ ਕੁਮਾਰ ਦੀ ਅਦਾਲਤ ‘ਚ ਹੋਵੇਗੀ।ਐੱਨ. ਆਈ. ਏ. ਅਨੁਸਾਰ ਸ਼ੁਭਮ ਕੁਮਾਰ ਨੂੰ ਕਥਿਤ ਤੌਰ ‘ਤੇ ਇਕ ਯਾਤਰੀ ਰੇਲ ਗੱਡੀ ਵਿਚ ਟਾਈਮਰ ਨਾਲ ਚੱਲਣ ਵਾਲਾ ਆਈ. ਈ. ਡੀ. ਲਗਾ ਕੇ ਧਮਾਕਾ ਕਰਨ ਅਤੇ ਜਾਨ-ਮਾਲ ਦਾ ਨੁਕਸਾਨ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।