‘ਆਪ’ ਵਲੋਂ ਫ਼ਰੀਦਕੋਟ ਤੋਂ ਉਮੀਦਵਾਰ ਐਲਾਨਣ ’ਚ ਦੇਰੀ ਕਾਰਨ ਟਿਕਟ ਦੇ ਦਾਅਵੇਦਾਰ ਹੋਏ ਸਰਗਰਮ
‘ਆਪ’ ਦੇ ਮੌਜੂਦਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਸਿਆਸੀ ਭਵਿੱਖ ਬਾਰੇ ਹੋ ਰਹੀ ਚਰਚਾ
ਫ਼ਰੀਦਕੋਟ, 14 ਨਵੰਬਰ (ਜਸਵੰਤ ਸਿੰਘ ਪੁਰਬਾ)-ਆਮ ਆਦਮੀ ਪਾਰਟੀ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ 117 ਹਲਕਿਆਂ ਵਿਚੋਂ 71 ਸੀਟਾਂ ’ਤੇ ਆਪਣੇ ਉਮੀਦਾਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਫ਼ਰੀਦਕੋਟ ਵਿਧਾਨ ਸਭਾ ਹਲਕੇ ਬਾਰੇ ਪਾਰਟੀ ਵਲੋਂ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ।
ਗ
ਗੁਰਦਿੱਤ ਸਿੰਘ ਸੇਖੋਂ, ਗੁਰਤੇਜ ਸਿੰਘ ਖੋਸਾ, ਗਗਨਦੀਪ ਸਿੰਘ ਧਾਲੀਵਾਲ, ਸੰਦੀਪ ਸਿੰਘ ਧਾਲੀਵਾਲ ਤੇ ਅਰਸ਼ ਸੱਚਰ।
15-11-2026
ਫ਼ਰੀਦਕੋਟ, 14 ਨਵੰਬਰ (ਜਸਵੰਤ ਸਿੰਘ ਪੁਰਬਾ)-ਆਮ ਆਦਮੀ ਪਾਰਟੀ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ 117 ਹਲਕਿਆਂ ਵਿਚੋਂ 71 ਸੀਟਾਂ ’ਤੇ ਆਪਣੇ ਉਮੀਦਾਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਫ਼ਰੀਦਕੋਟ ਵਿਧਾਨ ਸਭਾ ਹਲਕੇ ਬਾਰੇ ਪਾਰਟੀ ਵਲੋਂ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ। ਜਿਸ ਕਾਰਨ ਟਿਕਟ ਦੇ ਦਾਅਵੇਦਾਰ ਸਰਗਰਮ ਹੋ ਗਏ ਹਨ। ਉਹ ਆਪਣੀ ਦਾਅਵੇਦਾਰੀ ਵਿਖਾਉਣ ਲਈ ਪੋਸਟਰਾਂ, ਬੈਨਰਾਂ ਦਾ ਸਹਾਰਾ ਲੈ ਰਹੇ ਹਨ। ਸ਼ਹਿਰ ਦੇ ਸਾਰੇ ਪਾਸੇ ਉਹ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਪਾਰਟੀ ਦੀ ਪਹਿਲੀ ਸੂਚੀ ਵਿਚ ਪੰਜਾਬ ਦੇ 40 ਹਲਕਿਆਂ ਜਦੋਂ ਕਿ ਦੂਸਰੀ ਸੂਚੀ ਵਿਚ 31 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਫ਼ਰੀਦਕੋਟ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਆਲੇ ਦੁਆਲੇ ਜ਼ਿਲ੍ਹਿਆਂ ਦੇ ਉਮੀਦਵਾਰ ਵੀ ਐਲਾਨੇ ਜਾ ਚੁੱਕੇ ਹਨ। ਫ਼ਰੀਦਕੋਟ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿਚੋਂ ਕੋਟਕਪੂਰਾ ਅਤੇ ਜੈਤੋ ਸੀਟਾਂ ’ਤੇ ਮੌਜੂਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਅਮੋਲਕ ਸਿੰਘ ਦਾ ਨਾਂਅ ਐਲਾਨਿਆ ਜਾ ਚੁੱਕਿਆ ਹੈ। ਫ਼ਰੀਦਕੋਟ ਹਲਕੇ ਨੂੰ ਸੂਚੀ ਵਿਚੋਂ ਬਾਹਰ ਰੱਖੇ ਜਾਣ ਕਾਰਨ ਆਪ ਦੇ ਮੌਜੂਦਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਸਿਆਸੀ ਭਵਿੱਖ ਬਾਰੇ ਕਿਆਸਰਾਈਆਂ ਸ਼ੁਰੂ ਹੋ ਗਈਆਂ ਹਨ। ਸੂਤਰਾਂ ਦੇ ਅਨੁਸਾਰ ਪਾਰਟੀ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੋਂ ਕੁਝ ਮਹੀਨੇ ਪਹਿਲਾਂ ਵਿਧਾਇਕਾਂ ਦੀ ਛਾਂਟੀ ਕਰਨ ਸਬੰਧੀ ਕਰਵਾਏ ਗਏ ਇਕ ਸਰਵੇਖਣ ਵਿਚ ਫ਼ਰੀਦਕੋਟ ਹਲਕੇ ਦਾ ਨਾਂਅ ਪ੍ਰਮੁੱਖ ਸੀ। ਇਸ ਗੱਲ ਦੀ ਵੀ ਚਰਚਾ ਹੈ ਕਿ ਫ਼ਰੀਦਕੋਟ ਹਲਕੇ ਵਿਚ ਪਾਰਟੀ ਕਿਸੇ ਨਵੇਂ ਚਿਹਰੇ ਨੂੰ ਲਿਆ ਸਕਦੀ ਹੈ, ਪਰ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਇਹ ਵੀ ਹੋ ਸਕਦਾ ਹੈ ਕਿ ਇਸ ਹਲਕੇ ਤੋਂ ਦੁਬਾਰਾ ਗੁਰਦਿੱਤ ਸਿੰਘ ਸੇਖੋਂ ਨੂੰ ਹੀ ਉਮੀਦਵਾਰ ਬਣਾ ਦਿੱਤਾ ਜਾਵੇ। ਇਸ ਸਭ ’ਤੇ ਰਾਜਨੀਤਿਕ ਨਜ਼ਰਾਂ ਟਿਕੀਆਂ ਹੋਈਆਂ ਹਨ। ਇਥੇ ਜ਼ਿਕਰਯੋਗ ਹੈ ਕਿ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਫ਼ਰੀਦਕੋਟ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆਂ ਨੂੰ ਮਿਲ ਕੇ ਆਏ ਸਨ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਨ੍ਹਾਂ ਦੀ ਪਾਰਟੀ ’ਚ ਪੂਰੀ ਪਕੜ ਹੈ, ਪਰ ਹੁਣ ਤਾਜ਼ਾ ਹਲਾਤਾਂ ਵਿਚ ਹਲਕੇ ਦੇ ਉਮੀਦਵਾਰ ਦਾ ਨਾਂਅ ਸਾਹਮਣੇ ਨਾ ਆਉਣ ਕਾਰਨ ਇਸ ਹਲਕੇ ਦੇ ਚਾਰ ਪ੍ਰਮੁੱਖ ਆਗੂ ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ, ਸੂਚਨਾ ਕਮਿਸ਼ਨ ਪੰਜਾਬ ਦੇ ਮੈਂਬਰ ਸੰਦੀਪ ਸਿੰਘ ਧਾਲੀਵਾਲ ਅਤੇ ਸਮਾਜ ਸੇਵੀ ਅਰਸ਼ ਸੱਚਰ ਦੇ ਨਾਂਅ ਚੱਲ ਰਹੇ ਹਨ। ਇਨ੍ਹਾਂ ਵਿਚੋਂ ਪਹਿਲੇ ਤਿੰਨ ਆਗੂ ਸਰਕਾਰੀ ਅਹੁਦਿਆਂ ’ਤੇ ਨਿਯੁਕਤ ਹਨ ਅਤੇ ਇਹ ਚੋਣ ਜਿੱਤਣ ਲਈ ਆਪਣਾ ਪੂਰਾ ਸੰਤੁਲਨ ਲੋਕਾਂ ਸਾਹਮਣੇ ਵਿਖਾ ਰਹੇ ਹਨ। ਗੁਰਦਿੱਤ ਸਿੰਘ ਸੇਖੋਂ ਸਾਲ 2017 ਵਿਚ ਫ਼ਰੀਦਕੋਟ ਹਲਕੇ ਤੋਂ ਕਾਂਗਰਸ ਦੇ ਉਮੀਦਾਵਰ ਕੁਸ਼ਲਦੀਪ ਸਿੰਘ ਢਿੱਲੋਂ ਕੋਲੋਂ ਹਾਰ ਗਏ ਸਨ। ਸਾਲ 2022 ਦੀਆਂ ਚੋਣਾਂ ਵਿਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਰਮਬੰਸ ਸਿੰਘ ਰੋਮਾਣਾ ਨੂੰ ਹਰਾ ਕੇ ਜਿੱਤ ਦਰਜ ਕਰਵਾਈ ਸੀ, ਜਦੋਂ ਕੁਸ਼ਲਦੀਪ ਸਿੰਘ ਢਿੱਲੋਂ ਤੀਸਰੇ ਸਥਾਨ ’ਤੇ ਸਨ। ਟਿਕਟ ਦੀ ਦੇਰੀ ਕਾਰਨ ਪਾਰਟੀ ਨੂੰ ਵੀ ਇਸ ਹਲਕੇ ਵਿਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।