ਸਾਦਿਕ ਦੀਆਂ ਮੰਡੀਆਂ ’ਚ ਝੋਨੇ ਦੀ ਖ਼ਰੀਦ ਬੰਦ ਹੋਣ ’ਤੇ ਕਿਸਾਨਾਂ ’ਚ ਗੁੱਸੇ ਦੀ ਲਹਿਰ
ਸਾਦਿਕ, 10 ਨਵੰਬਰ (ਗੁਰਭੇਜ ਸਿੰਘ ਚੌਹਾਨ)-ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੀਆਂ ਮੰਡੀਆਂ ਅਤੇ ਹੋਰ ਆਸ-ਪਾਸ ਦੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਬੰਦ ਹੋਣ ਦੀ ਸੂਚਨਾ ਮਿਲਦਿਆਂ ਹੀ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਵਿਚ ਗੁੱਸੇ ਦੀ ਲਹਿਰ ਦੌੜ ਗਈ ਹੈ। ਖ਼ਰੀਦ ਬੰਦ ਹੋਣ ਦਾ ਕਾਰਨ ਖ਼ਰੀਦ ਦਾ ਕੋਟਾ ਪੂਰਾ ਹੋ ਜਾਣਾ ਦੱਸਿਆ ਜਾ ਰਿਹਾ ਹੈ।
ਸਾਦਿਕ, 10 ਨਵੰਬਰ (ਗੁਰਭੇਜ ਸਿੰਘ ਚੌਹਾਨ)-ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੀਆਂ ਮੰਡੀਆਂ ਅਤੇ ਹੋਰ ਆਸ-ਪਾਸ ਦੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਬੰਦ ਹੋਣ ਦੀ ਸੂਚਨਾ ਮਿਲਦਿਆਂ ਹੀ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਵਿਚ ਗੁੱਸੇ ਦੀ ਲਹਿਰ ਦੌੜ ਗਈ ਹੈ। ਖ਼ਰੀਦ ਬੰਦ ਹੋਣ ਦਾ ਕਾਰਨ ਖ਼ਰੀਦ ਦਾ ਕੋਟਾ ਪੂਰਾ ਹੋ ਜਾਣਾ ਦੱਸਿਆ ਜਾ ਰਿਹਾ ਹੈ। ਜਦੋਂ ਕਿ ਪੰਜਾਬ ਸਰਕਾਰ ਇਹ ਦਾਅਵੇ ਕਰਦੀ ਆ ਰਹੀ ਹੈ ਕਿ ਕਿਸਾਨਾਂ ਦਾ ਦਾਣਾ ਦਾਣਾ ਖ਼ਰੀਦਿਆ ਜਾਵੇਗਾ ਪਰ ਸਰਕਾਰ ਦੀ ਕਹਿਣੀ ਤੇ ਕਥਨੀ ਇਕ ਨਾ ਰਹਿਣ ਕਾਰਨ ਕਿਸਾਨ ਗੁੱਸੇ ਵਿਚ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਕੁਦਰਤ ਨੇ ਉਨ੍ਹਾਂ ਦਾ ਵੱਡਾ ਨੁਕਸਾਨ ਕੀਤਾ, ਫੇਰ ਨਮੀ ਦੇ ਨਾਮ ’ਤੇ ਖ਼ਰੀਦ ਨੂੰ ਲਮਕਾਇਆ ਗਿਆ ਅਤੇ ਕਿਸਾਨਾਂ ਨੂੰ ਕਾਟ ਦੇਣ ਲਈ ਮਜਬੂਰ ਕੀਤਾ ਗਿਆ ਅਤੇ ਹੁਣ ਖ਼ਰੀਦ ਤੋਂ ਜਵਾਬ ਦੇ ਕੇ ਕਿਸਾਨਾਂ ਦੇ ਜ਼ਖਮਾਂ ’ਤੇ ਹੋਰ ਲੂਣ ਛਿੜਕ ਦਿੱਤਾ ਗਿਆ ਹੈ। ਕਿਸਾਨ ਮੰਡੀਆਂ ਵਿਚ 15-20 ਦਿਨ ਤੋਂ ਝੋਨਾ ਲੈ ਕੇ ਬੈਠੇ ਹੋਏ ਹਨ ਅਤੇ ਝੋਨੇ ਦੀ ਫ਼ਸਲ ਵੇਚ ਕੇ ਹੀ ਅਗਲੀ ਫ਼ਸਲ ਲਈ ਖਾਦ, ਬੀਜ ਅਤੇ ਡੀਜ਼ਲ ਆਦਿ ਖ਼ਰੀਦਣਾ ਹੈ। ਜਦੋਂ ਕਿ ਕਣਕ ਦੀ ਬਿਜਾਈ ਦਾ ਠੀਕ ਸਮਾਂ 15 ਨਵੰਬਰ ਹੈ ਅਤੇ ਅੱਜ 10 ਨਵੰਬਰ ਹੋ ਚੁੱਕਾ ਹੈ। ਇਸ ਮਸਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਹੋਈ। ਜਿਸ ਵਿਚ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਬੰਦ ਹੋਣ ਦੀ ਸੂਚਨਾ ਮਿਲਣ ’ਤੇ ਵਿਚਾਰ ਵਟਾਂਦਰਾ ਹੋਇਆ। ਇਸ ਮੌਕੇ ਸੂਬਾ ਮੀਤ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਨੇ ਆਖਿਆ ਕਿ ਸਰਕਾਰ ਖਰੀਦ ਕੋਟਾ ਪੂਰਾ ਹੋਣ ਦਾ ਬਹਾਨਾ ਲਾ ਕੇ ਕਿਸਾਨਾਂ ਦੀ ਪ੍ਰਾਈਵੇਟ ਵਪਾਰੀਆਂ ਕੋਲੋਂ ਲੁੱਟ ਕਰਵਾਉਣ ਦਾ ਰਸਤਾ ਖੋਲ੍ਹ ਰਹੀ ਹੈ। ਜੋ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗੀ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਵਿਚ ਅਨਾਜ ਦੀ ਕਮੀ ਪਾਈ ਜਾ ਰਹੀ ਹੈ ਅਤੇ ਇੱਥੇ ਅਨਾਜ ਰੋਲਿਆ ਜਾ ਰਿਹਾ ਹੈ। ਉਨ੍ਹਾਂ ਕਿ ਹਾ ਕਿ ਸਰਕਾਰ ਤੁਰੰਤ ਖ਼ਰੀਦ ਵਿਚ ਤੇਜ਼ੀ ਲਿਆਵੇ ਅਤੇ ਕਿਸਾਨਾਂ ਨੂੰ ਖੱਜਲ ਖੁਆਰ ਨਾ ਕਰੇ। ਜੇਕਰ ਖ਼ਰੀਦ ਬੰਦ ਕੀਤੀ ਗਈ ਤਾਂ ਕਿਸਾਨ ਜਥੇਬੰਦੀਆਂ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ। ਇਸ ਮੀਟਿੰਗ ਵਿਚ ਲਖਵੀਰ ਸਿੰਘ ਸੰਧੂ, ਗੁਰਮੀਤ ਸਿੰਘ ਸਾਧੂਵਾਲਾ, ਸਰਬਜੀਤ ਸਿੰਘ, ਕਰਮਜੀਤ ਸਿੰਘ, ਨਿਰਭੈ ਸਿੰਘ ਬਰਾੜ, ਰਮਨਦੀਪ ਸਿੰਘ, ਤੀਰਥ ਸਿੰਘ, ਅੰਮ੍ਰਿਤਪਾਲ ਸਿੰਘ, ਲਖਵਿੰਦਰ ਸਿੰਘ ਗੋਰਾ, ਜਗਮੇਲ ਸਿੰਘ ਆਦਿ ਕਿਸਾਨ ਹਾਜ਼ਰ ਸਨ।