ਬਾਵਰੀਆ ਸਿੱਖ ਸੂਏ ਵਾਲੀ ਬਸਤੀ ਦੇ ਵਸਨੀਕਾਂ ਵਲੋਂ ਧਰਮਸ਼ਾਲਾ ਵਾਲੀ ਜਗ੍ਹਾ ਵਾਪਸ ਲੈਣ ਦੀ ਮੰਗ
ਬਰਗਾੜੀ, 13 ਅਗਸਤ (ਲਖਵਿੰਦਰ ਸ਼ਰਮਾ)-ਬਾਵਰੀਆ ਸਿੱਖ ਸੂਏ ਵਾਲੀ ਬਸਤੀ ਬਰਗਾੜੀ ਦੇ ਕੁਝ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮੇਨ ਸੜਕ ’ਤੇ ਬਣੀ ਪੁਰਾਣੀ ਧਰਮਸ਼ਾਲਾ ਵਾਲੀ ਜਗ੍ਹਾ ਉਨ੍ਹਾਂ ਨੂੰ ਵਾਪਸ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਕਰੀਬ 1997, 98 ਸਾਲ ਦੌਰਾਨ ਦੀਆਂ ਚੋਣਾਂ ਸਮੇਂ ਗੁਰਚੇਤ ਸਿੰਘ ਢਿੱਲੋਂ ਨੇ ਆਪਣੇ ਖੇਤ ਦੀ ਜਗ੍ਹਾ ਵਿਚ ਬਾਵਰੀਆ ਸਿੱਖ ਸੂਏ ਵਾਲੀ ਬਸਤੀ ਨੂੰ ਪੰਚਾਇਤ ਵਲੋਂ ਧਰਮਸ਼ਾਲਾ ਬਣਾ ਕੇ ਦਿੱਤੀ ਸੀ।
ਬਰਗਾੜੀ, 13 ਅਗਸਤ (ਲਖਵਿੰਦਰ ਸ਼ਰਮਾ)-ਬਾਵਰੀਆ ਸਿੱਖ ਸੂਏ ਵਾਲੀ ਬਸਤੀ ਬਰਗਾੜੀ ਦੇ ਕੁਝ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮੇਨ ਸੜਕ ’ਤੇ ਬਣੀ ਪੁਰਾਣੀ ਧਰਮਸ਼ਾਲਾ ਵਾਲੀ ਜਗ੍ਹਾ ਉਨ੍ਹਾਂ ਨੂੰ ਵਾਪਸ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਕਰੀਬ 1997, 98 ਸਾਲ ਦੌਰਾਨ ਦੀਆਂ ਚੋਣਾਂ ਸਮੇਂ ਗੁਰਚੇਤ ਸਿੰਘ ਢਿੱਲੋਂ ਨੇ ਆਪਣੇ ਖੇਤ ਦੀ ਜਗ੍ਹਾ ਵਿਚ ਬਾਵਰੀਆ ਸਿੱਖ ਸੂਏ ਵਾਲੀ ਬਸਤੀ ਨੂੰ ਪੰਚਾਇਤ ਵਲੋਂ ਧਰਮਸ਼ਾਲਾ ਬਣਾ ਕੇ ਦਿੱਤੀ ਸੀ। ਇਹ ਧਰਮਸ਼ਾਲਾ ਕੁਝ ਸਾਲਾਂ ਬਾਅਦ ਕੁਝ ਜਗ੍ਹਾ ਸੜਕ ਵਿਚ ਆਉਣ ਕਾਰਨ ਅਤੇ ਬਾਕੀ ਬਚੀ ਧਰਮਸ਼ਾਲਾ ਨੂੰ ਢਾਹੁਣ ਕਾਰਨ ਧਰਮਸ਼ਾਲਾ ਬਿਲਕੁਲ ਖਤਮ ਹੋ ਗਈ ਸੀ। ਇਸ ਧਰਮਸ਼ਾਲਾ ਦੀ ਚਾਰਦਵਾਰੀ ਦਾ ਨੀਂਹ ਪੱਥਰ ਉਸ ਸਮੇਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਰੱਖਿਆ ਸੀ ਅਤੇ ਉਸ ਸਮੇਂ ਸਰਪੰਚ ਸੇਵਾ ਸਿੰਘ ਸਨ। ਇਸ ਧਰਮਸ਼ਾਲਾ ਵਿਚ ਸਵ. ਪੰਚ ਮੁਕੰਦ ਸਿੰਘ ਬਰਾੜ ਨੇ ਨਲਕਾ ਵੀ ਲਗਵਾ ਕੇ ਦਿੱਤਾ ਸੀ ਅਤੇ ਧਰਮਸ਼ਾਲਾ ਵਿਚ ਆਂਗਣਵਾੜੀ ਸੈਂਟਰ ਵੀ ਚੱਲਦਾ ਸੀ। ਇਸ ਸਬੰਧੀ ਗੁਰਚੇਤ ਸਿੰਘ ਢਿੱਲੋਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਉਸ ਸਮੇਂ ਸੂਏ ਵਾਲੀ ਬਸਤੀ ਦੇ ਬਾਵਰੀਆ ਸਮਾਜ ਲਈ ਕੋਈ ਧਰਮਸ਼ਾਲਾ ਨਹੀਂ ਸੀ ਅਤੇ ਉਨ੍ਹਾਂ ਆਪਣੀ ਖੁਦ ਦੀ ਜਗ੍ਹਾ ਵਿਚ ਪੰਚਾਇਤ ਵਲੋਂ ਧਰਮਸ਼ਾਲਾ ਬਣਾ ਕੇ ਦਿੱਤੀ ਸੀ। ਉਸ ਤੋਂ ਬਾਅਦ ਮੇਨ ਸੜਕ ਚੌੜੀ ਹੋ ਕੇ ਚਾਰ ਲਾਈਨ ਸੜਕ ਬਣ ਗਈ ਅਤੇ ਨਵੀਂਆਂ ਬਣੀਆਂ ਸੜਕਾਂ ਦੇ ਕਿਨਾਰਿਆਂ ’ਤੇ ਕੰਧਾਂ ਵੀ ਬਣ ਗਈਆਂ। ਇਸ ਧਰਮਸ਼ਾਲਾ ਦੀ ਕੁਝ ਜਗ੍ਹਾ ਸੜਕ ਵਿਚ ਆ ਗਈ ਅਤੇ ਬਾਕੀ ਬਚੀ ਧਰਮਸ਼ਾਲਾ ਦੀ ਹਾਲਤ ਬਹੁਤ ਖਸਤਾ ਹੋਣ ਕਾਰਨ ਢਾਹ ਦਿੱਤੀ ਗਈ ਸੀ। ਸੜਕ ਚੌੜੀ ਹੋਣ ਅਤੇ ਪਾਸੀਂ ਕੰਧਾਂ ਹੋ ਜਾਣ ਕਾਰਨ ਇਸ ਬਸਤੀ ਦੇ ਲੋਕਾਂ ਨੂੰ ਇਸ ਧਰਮਸ਼ਾਲਾ ਵਿਚ ਜਾਣਾ ਆਉਣਾ ਬਹੁਤ ਔਖਾ ਹੋ ਗਿਆ ਸੀ। ਬਸਤੀ ਦੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਜ਼ਿਆਦਾ ਟਰੈਫਿਕ ਨੂੰ ਧਿਆਨ ਵਿਚ ਰੱਖਦਿਆਂ ਇਸ ਬਸਤੀ ਦੇ ਲੋਕਾਂ ਲਈ ਪੰਚਾਇਤ ਵਲੋਂ ਬਸਤੀ ਦੇ ਘਰਾਂ ਵਾਲੇ ਪਾਸੇ ਹੀ ਇਸ ਧਰਮਸ਼ਾਲਾ ਤੋਂ ਕਰੀਬ ਚਾਰ ਗੁਣਾਂ ਜਗ੍ਹਾ ਵਿਚ ਨਵੀਂ ਧਰਮਸ਼ਾਲਾ ਦੀ ਸ਼ਾਨਦਾਰ ਇਮਾਰਤ ਬਣਾ ਕੇ ਦੇ ਦਿੱਤੀ ਗਈ ਜਿਥੇ ਇਸ ਬਸਤੀ ਦੇ ਲੋਕ ਆਪਣੇ ਸਾਰੇ ਸਮਾਗਮ ਆਦਿ ਕਰ ਰਹੇ ਹਨ। ਇਸ ਮੌਕੇ ਬਾਵਰੀਆ ਸਿੱਖ ਬਸਤੀ ਦੇ ਆਗੂ ਕੁਲਵੰਤ ਸਿੰਘ, ਸਾਬਕਾ ਪੰਚ ਚਤਰ ਦਾਸ, ਸੁਖਪਾਲ ਸਿੰਘ, ਭਾਗ ਸਿੰਘ, ਚਰਨਜੀਤ ਸਿੰਘ, ਰੇਸ਼ਮ ਸਿੰਘ, ਕਰਨੈਲ ਸਿੰਘ, ਪਾਲ ਸਿੰਘ, ਗੁਰਦੀਪ ਸਿੰਘ, ਜਗਰੂਪ ਸਿੰਘ, ਬਲਵੰਤ ਸਿੰਘ, ਦਾਰਾ ਸਿੰਘ, ਰੂਪ ਸਿੰਘ, ਸੁਰਜੀਤ ਕੌਰ, ਬਿੱਕਰ ਸਿੰਘ, ਧਰਮਪਾਲ ਸਿੰਘ, ਸੁਖਰਾਮ ਸਿੰਘ, ਪਰਮਜੀਤ ਸਿੰਘ, ਬਸੰਤ ਸਿੰਘ, ਗੁਰਮੀਤ ਸਿੰਘ, ਜਸਵਿੰਦਰ ਸਿੰਘ, ਸੰਤਾ ਸਿੰਘ ਆਦਿ ਨੇ ਕਿਹਾ ਕਿ ਜੇਕਰ ਇਸ ਧਰਮਸ਼ਾਲਾ ਵਾਲੀ ਜਗ੍ਹਾ ਉਨ੍ਹਾਂ ਨੂੰ ਵਾਪਸ ਨਾ ਦਿੱਤੀ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।