ਜ਼ਿਲ੍ਹੇ ਦੇ ਸੀਨੀਅਰ ਅਕਾਲੀ ਆਗੂਆਂ ਵਲੋਂ ਤੇਜਿੰਦਰਪਾਲ ਸਿੰਘ ਸੰਧੂ ਦਾ ਸਨਮਾਨ
ਪਟਿਆਲਾ, 27 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਜਨਰਲ ਸਕੱਤਰ ਤੇ ਪੰਜਾਬ ਐਸ. ਐਸ.
ਪਟਿਆਲਾ, 27 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਜਨਰਲ ਸਕੱਤਰ ਤੇ ਪੰਜਾਬ ਐਸ. ਐਸ. ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਦਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਯੂਥ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਜ਼ਿਲ੍ਹਾ ਪ੍ਰਧਾਨ ਅਮਿਤ ਰਾਠੀ ਨੇ ਸੰਧੂ ਪਰਿਵਾਰ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪਰਿਵਾਰ ਨੇ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਇਆ ਹੈ। ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਸੰਧੂ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦਾ ਟਕਸਾਲੀ ਪਰਿਵਾਰ ਹੈ, ਜਿਸ ਦੀ ਪਾਰਟੀ ਨਾਲ ਲੰਮੇ ਸਮੇਂ ਤੋਂ ਸਾਂਝ ਰਹੀ ਹੈ। ਤੇਜਿੰਦਰਪਾਲ ਸਿੰਘ ਸੰਧੂ ਤੇ ਉਨ੍ਹਾਂ ਦੀ ਪਤਨੀ ਅਨੁਪਿੰਦਰ ਕੌਰ ਸੰਧੂ ਨੇ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾ ਮਿਹਨਤ ਤੇ ਸਮਰਪਣ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਤੇਜਿੰਦਰਪਾਲ ਸਿੰਘ ਸੰਧੂ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਮਿਲਣ ਨਾਲ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਨੌਜਵਾਨ ਵਰਕਰਾਂ ਨੂੰ ਵੀ ਉਤਸ਼ਾਹ ਮਿਲੇਗਾ। ਅਮਿਤ ਸਿੰਘ ਰਾਠੀ ਨੇ ਕਿਹਾ ਕਿ ਤੇਜਿੰਦਰਪਾਲ ਸਿੰਘ ਸੰਧੂ ਦੇ ਤਜਰਬੇ ਅਤੇ ਸੰਗਠਨਾਤਮਕ ਸਮਰੱਥਾ ਦਾ ਪਾਰਟੀ ਨੂੰ ਲਾਭ ਮਿਲੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਤੇਜਿੰਦਰਪਾਲ ਸਿੰਘ ਸੰਧੂ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨਗੇ। ਇਸ ਮੌਕੇ ਗੁਰਦੀਪ ਸਿੰਘ ਸ਼ੇਖੂਪੁਰ, ਬਲਵਿੰਦਰ ਸਿੰਘ ਸੈਫ਼ਦੀਪੁਰ ਕੁਲਦੀਪ ਸਿੰਘ ਧਰੇੜੀ, ਬਗੀਚਾ ਸਿੰਘ ਅਤੇ ਪੁਸ਼ਪਿੰਦਰ ਸਿੰਘ ਮਿੱਕੀ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ।