ਕਿਸਾਨ ਯੂਨੀਅਨ ਨੇ ਐੱਸ. ਡੀ. ਐੱਮ. ਨੂੰ ਸੌਂਪਿਆ ਮੰਗ ਪੱਤਰ
ਰਾਜਪੁਰਾ, 21 ਸਤੰਬਰ (ਜੀ. ਪੀ.
ਰਾਜਪੁਰਾ, 21 ਸਤੰਬਰ (ਜੀ.ਪੀ. ਸਿੰਘ)- ਸਥਾਨਕ ਮਿੰਨੀ ਸਕਤਰੇਤ ਵਿਖੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਬਹਿਰੂ ਜ਼ਿਲ੍ਹਾ ਪਟਿਆਲਾ ਦੇ 7 ਮੈਂਬਰੀ ਵਫ਼ਦ ਵਲੋਂ ਗੁਰਵਿੰਦਰ ਸਿੰਘ ਭਟੇਜਾ ਦੀ ਅਗਵਾਈ ਵਿਚ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਲਈ ਐੱਸ. ਡੀ. ਐੱਮ. ਰਾਜਪੁਰਾ ਰਵਿੰਦਰ ਸਿੰਘ ਨੂੰ ਮਿਲ ਕੇ ਪੱਤਰ ਸੌਂਪਿਆ ਗਿਆ। ਐਸੋਸੀਏਸ਼ਨ ਦੇ ਆਗੂਆਂ ਗੁਰਵਿੰਦਰ ਸਿੰਘ ਭਟੇਜਾ, ਗੋਬਿੰਦਰ ਸਿੰਘ ਸਰਵਾਰਾ, ਸੁਰਿੰਦਰ ਸਿੰਘ, ਮਲਕੀਤ ਸਿੰਘ ਨੀਲਪੁਰ, ਨਰਿੰਦਰ ਸਿੰਘ ਭੱਪਲ, ਕਰਮ ਸਿੰਘ ਹਰਿਆਓ ਸਮੇਤ ਅਹੁਦੇਦਾਰਾਂ ਨੇ ਮੰਗ ਕੀਤੀ ਕਿ ਮੰਡੀਆਂ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਜਲਦੀ ਸ਼ੁਰੂ ਕਰਵਾਈ ਜਾਵੇ, ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਨਾਜ ਮੰਡੀਆਂ ਵਿਚ ਝੋਨੇ ਦੀ ਆਮਦ 15 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਸੀ ਪਰ ਅੱਜ ਸਤੰਬਰ ਮਹੀਨਾ ਖ਼ਤਮ ਹੋਣ ਵਾਲਾ ਹੈ ਤੇ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਮੁਸ਼ਕਿਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੇਮੌਸਮੀ ਬਰਸਾਤ ਤੋ ਬਚਣ ਲਈ ਤਰਪਾਲਾਂ ਦਾ ਪ੍ਰਬੰਧ, ਬਾਰਦਾਨੇ ਦੀ ਘਾਟ ਨਾ ਆਵੇ ਪਹਿਲਾਂ ਪਰਬੰਧ ਕੀਤਾ ਜਾਵੇ। ਪੀਣ ਵਾਲਾ ਸਾਫ਼ ਪਾਣੀ ਕਿਸਾਨਾਂ ਨੂੰ ਮਿਲੇ, ਟਾਇਲਟ ਦਾ ਸੁਚੱਜਾ ਪ੍ਰਬੰਧ, ਤੁਲਾਈ ਮਾਮਲੇ `ਚ ਮਾਰਕਿਟ ਕਮੇਟੀ ਵਿਚ ਇਲੈਕਟ੍ਰਿਕ ਕੰਡਾ ਲਗਵਾਇਆ ਜਾਵੇ। ਕਿਸਾਨ ਆਗੂਆਂ ਨੇ ਉਮੀਦ ਜਤਾਈ ਕਿ ਪ੍ਰਸ਼ਾਸਨ ਵਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਜਲਦ ਕਾਰਵਾਈ ਕੀਤੀ ਜਾਵੇਗੀ।