ਅਬੋਹਰ, 22 ਸਤੰਬਰ (ਸੰਦੀਪ ਸੋਖਲ)- ਹਲਕਾ ਬੱਲੂਆਣਾ ਦੇ ਪਿੰਡ ਭਾਗਸਰ ਦੇ ਮੌਜੂਦਾ ਸਰਪੰਚ ਸੁਧੀਰ ਕੂਕਨਾ ਦੇ ਘਰ ਦੇ ਬਾਹਰ ਬੀਤੀ ਰਾਤ ਕੁਝ ਅਣ-ਪਛਾਤੇ ਵਿਅਕਤੀਆਂ ਵਲੋਂ 3 ਤੋਂ 4 ਰਾਊਂਡ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਰਿੰਗ ਦੀ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਡਰ ਦਾ ਮਾਹੌਲ ਬਣ ਗਿਆ।
ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਦੀਪ ਗੋਲਡੀ ਮੁਸਾਫਿਰ ਵਲੋਂ ਡੋਰ-ਟੂ-ਡੋਰ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਦੀਆਂ ਤਿਆਰੀਆਂ ਵੀ ਰਾਤ ਸਮੇਂ ਚੱਲ ਰਹੀਆਂ ਸਨ। ਇਸੇ ਦੌਰਾਨ ਸਰਪੰਚ ਸੁਧੀਰ ਕੂਕਨਾ ਦੇ ਘਰ ਦੇ ਬਾਹਰ ਫਾਇਰਿੰਗ ਹੋਣ ਦੀ ਘਟਨਾ ਵਾਪਰੀ। ਮੌਕੇ ’ਤੇ ਪਹੁੰਚੇ ਵਿਧਾਇਕ ਅਮਨਦੀਪ ਗੋਲਡੀ ਮੁਸਾਫਿਰ ਨੇ ਫੇਸਬੁਕ |ਤੇ ਲਾਈਵ ਹੋ ਕੇ ਇਸ ਘਟਨਾ ਨੂੰ ਸਿਆਸੀ ਰੰਜਸ਼ ਨਾਲ ਜੋੜਦਿਆਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਜਲਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਧਰ ਸਰਪੰਚ ਸੁਧੀਰ ਕੂਕਨਾ ਨੇ ਕਿਹਾ ਕਿ ਉਹ ਪਿੰਡ ਵਿਚ ਵਿਕਾਸ ਕਾਰਜਾਂ ਨੂੰ ਲੈ ਕੇ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਇਸ ਘਟਨਾ ਨੂੰ ਰੰਜਿਸ਼ ਦੱਸਦਿਆਂ ਪੰਜਾਬ ਸਰਕਾਰ ਤੋਂ ਮਾਮਲੇ ਵਿਚ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਥਾਣਾ ਮੁਖੀ ਬਹਾਵ ਵਾਲਾ ਰਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਿੰਡ ਭਾਗਸਰ ਦੇ ਸਰਪੰਚ ਸੁਧੀਰ ਕੂਕਨਾ ਵਲੋਂ ਗੋਲੀਬਾਰੀ ਦੀ ਜਾਣਕਾਰੀ ਦਿੱਤੀ ਗਈ ਸੀ ਤੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਦੇ ਬਿਆਨ ਦਰਜ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਬਾਕੀ ਤਫ਼਼ਤੀਸ਼ ਜਾਰੀ ਹੈ।