ਬਲਕਾਰ ਔਲਖ ਦੇ ਗ਼ਜ਼ਲ ਸੰਗ੍ਰਹਿ ‘ਖ਼ਤਾਂ ਦੇ ਢੇਰ ਨਈਂ ਹੁੰਦੇ’ ’ਤੇ ਭਰਪੂਰ ਵਿਚਾਰ-ਚਰਚਾ
ਸਾਂਝਾ ਸਾਹਿਤਕ ਮੰਚ ਵਲੋਂ ਕਰਵਾਈ ਸਾਹਿਤਕ ਮਿਲਣੀ ’ਚ ਲੇਖਕਾਂ ਨੇ ਕੀਤੀ ਸ਼ਿਰਕਤ
ਪਟਿਆਲਾ, 5 ਅਗਸਤ (ਗੁਰਵਿੰਦਰ ਸਿੰਘ ਔਲਖ)-ਸਾਂਝਾ ਸਾਹਿਤਕ ਮੰਚ, ਪਟਿਆਲਾ ਵਲੋਂ ਊੜਾ ਪਬਲੀਕੇਸ਼ਨ ਦੇ ਸਹਿਯੋਗ ਨਾਲ ਅਮਰਜੀਤ ਲਾਇਬ੍ਰੇਰੀ, ਭਾਦਸੋਂ ਰੋਡ ਵਿਖੇ ਸਾਹਿਤਕ ਮਿਲਣੀ ਕਰਵਾਈ ਗਈ। ਜਿਸ ਦੌਰਾਨ ਉੱਘੇ ਗ਼ਜ਼ਲਗੋ ਬਲਕਾਰ ਔਲਖ ਦੇ ਗ਼ਜ਼ਲ ਸੰਗ੍ਰਹਿ ‘ਖ਼ਤਾਂ ਦੇ ਢੇਰ ਨਈਂ ਹੁੰਦੇ’ ’ਤੇ ਵਿਸਥਾਰਪੂਰਵਕ ਵਿਚਾਰ - ਚਰਚਾ ਕੀਤੀ ਗਈ।
ਪਟਿਆਲਾ, 5 ਅਗਸਤ (ਗੁਰਵਿੰਦਰ ਸਿੰਘ ਔਲਖ)-ਸਾਂਝਾ ਸਾਹਿਤਕ ਮੰਚ, ਪਟਿਆਲਾ ਵਲੋਂ ਊੜਾ ਪਬਲੀਕੇਸ਼ਨ ਦੇ ਸਹਿਯੋਗ ਨਾਲ ਅਮਰਜੀਤ ਲਾਇਬ੍ਰੇਰੀ, ਭਾਦਸੋਂ ਰੋਡ ਵਿਖੇ ਸਾਹਿਤਕ ਮਿਲਣੀ ਕਰਵਾਈ ਗਈ। ਜਿਸ ਦੌਰਾਨ ਉੱਘੇ ਗ਼ਜ਼ਲਗੋ ਬਲਕਾਰ ਔਲਖ ਦੇ ਗ਼ਜ਼ਲ ਸੰਗ੍ਰਹਿ ‘ਖ਼ਤਾਂ ਦੇ ਢੇਰ ਨਈਂ ਹੁੰਦੇ’ ’ਤੇ ਵਿਸਥਾਰਪੂਰਵਕ ਵਿਚਾਰ - ਚਰਚਾ ਕੀਤੀ ਗਈ। ਸਮਾਗਮ ’ਚ ਵੱਖ-ਵੱਖ ਸਾਹਿਤਕਾਰਾਂ, ਆਲੋਚਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਗ਼ਜ਼ਲ ਸੰਗ੍ਰਹਿ ਦੇ ਸਾਹਿਤਕ ਪੱਖਾਂ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਸਮਾਗਮ ਦਾ ਆਯੋਜਨ ਸੁਖਵਿੰਦਰ ਚਹਿਲ, ਸਤਨਾਮ ਕੌਰ ਚੌਹਾਨ, ਪਾਲ ਖਰੌੜ, ਅਮਰਜੀਤ ਖਰੌੜ, ਹਰਦੀਪ ਸਭਰਵਾਲ ਅਤੇ ਨਵਦੀਪ ਸਿੰਘ ਮੁੰਡੀ ਦੇ ਉਪਰਾਲੇ ਨਾਲ ਕੀਤਾ ਗਿਆ। ਮੰਚ ਸੰਚਾਲਨ ਕਰਦਿਆਂ ਨਵਦੀਪ ਸਿੰਘ ਮੁੰਡੀ ਨੇ ਬਲਕਾਰ ਔਲਖ ਦੀ ਸਾਹਿਤਕ ਯਾਤਰਾ ਅਤੇ ਰਚਨਾਤਮਕ ਯੋਗਦਾਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਾਇਰੀ ਨੇ ਪੰਜਾਬੀ ਗ਼ਜ਼ਲ ਨੂੰ ਵਿਲੱਖਣ ਪਛਾਣ ਦਿੱਤੀ ਹੈ। ਸਵਾਗਤੀ ਭਾਸ਼ਣ ਦੌਰਾਨ ਡਾ. ਅਮਰਜੀਤ ਸਿੰਘ ਨੇ ਪੰਜਾਬੀ ਗ਼ਜ਼ਲ ਦੇ ਇਤਿਹਾਸ ਦਾ ਸੰਖੇਪ ਜ਼ਿਕਰ ਕਰਦਿਆਂ ਬਲਕਾਰ ਔਲਖ ਦੇ ਸਾਹਿਤਕ ਯੋਗਦਾਨ ਨੂੰ ਮਹੱਤਵਪੂਰਨ ਕਰਾਰ ਦਿੱਤਾ। ਇਸ ਉਪਰੰਤ ਬਲਕਾਰ ਔਲਖ ਨੇ ਆਪਣੇ ਗ਼ਜ਼ਲ ਸੰਗ੍ਰਹਿ ਵਿਚੋਂ ਚੋਣਵੀਆਂ ਗ਼ਜ਼ਲਾਂ ਅਤੇ ਸ਼ਿਅਰ ਸਰੋਤਿਆਂ ਨਾਲ ਸਾਂਝੇ ਕੀਤੇ, ਜਿਨ੍ਹਾਂ ਨੂੰ ਹਾਜ਼ਰੀਨ ਨੇ ਭਰਪੂਰ ਸਰਾਹਿਆ। ਮੁੱਖ ਪਰਚਾ ਪੜ੍ਹਦਿਆਂ ਡਾ. ਦਵਿੰਦਰ ਸਿੰਘ ਨੇ ਗ਼ਜ਼ਲ ਸੰਗ੍ਰਹਿ ਦੇ ਵਿਸ਼ਾ-ਵਸਤੂ, ਭਾਸ਼ਾ, ਸ਼ਿਲਪ ਅਤੇ ਸਮਕਾਲੀ ਸਰੋਕਾਰਾਂ ਦਾ ਵਿਸ਼ਲੇਸ਼ਣ ਕੀਤਾ। ਇਸ ਤੋਂ ਬਾਅਦ ਸਤਨਾਮ ਕੌਰ ਚੌਹਾਨ ਨੇ ਡਾ. ਅਰਵਿੰਦਰ ਕੌਰ ਕਾਕੜਾ ਦਾ ਲਿਖਿਆ ਆਲੋਚਨਾਤਮਕ ਪਰਚਾ ਪੜ੍ਹ ਕੇ ਪੁਸਤਕ ਦੇ ਵੱਖ-ਵੱਖ ਪੱਖਾਂ ’ਤੇ ਚਾਨਣਾ ਪਾਇਆ। ਵਿਚਾਰ-ਚਰਚਾ ਦੌਰਾਨ ਡਾ. ਸੰਦੀਪ ਸਿੰਘ, ਡਾ. ਇਕਬਾਲ ਸੋਮੀਆਂ ਅਤੇ ਰਣਧੀਰ ਨੇ ਗ਼ਜ਼ਲ ਸੰਗ੍ਰਹਿ ਦੀਆਂ ਵੱਖ-ਵੱਖ ਰਚਨਾਵਾਂ ਅਤੇ ਸ਼ਿਅਰਾਂ ਦੇ ਹਵਾਲੇ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ। ਡਾ. ਅਮਰਜੀਤ ਕੌਂਕੇ ਨੇ ਵੀ ਬਲਕਾਰ ਔਲਖ ਦੀ ਸ਼ਾਇਰੀ ਦੇ ਵਿਸ਼ਿਆਂ, ਸੰਵੇਦਨਾ ਅਤੇ ਕਾਵਿ-ਕਲਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਧੰਨਵਾਦੀ ਸ਼ਬਦ ਕਹਿੰਦਿਆਂ ਹਰਦੀਪ ਸਭਰਵਾਲ ਨੇ ਕਿਹਾ ਕਿ ਸਾਂਝਾ ਸਾਹਿਤਕ ਮੰਚ ਦਾ ਮੁੱਖ ਉਦੇਸ਼ ਗੈਰ-ਰਸਮੀ ਮਾਹੌਲ ਵਿਚ ਸਾਹਿਤ ਦੀ ਸਾਰਥਕ ਅਤੇ ਆਲੋਚਨਾਤਮਕ ਸਮਝ ਨੂੰ ਪ੍ਰਫੁੱਲਤ ਕਰਨਾ ਹੈ ਤਾਂ ਜੋ ਲੇਖਕਾਂ, ਪਾਠਕਾਂ ਅਤੇ ਸਾਹਿਤ ਪ੍ਰੇਮੀਆਂ ਵਿਚਕਾਰ ਸਿਹਤਮੰਦ ਸੰਵਾਦ ਨੂੰ ਉਤਸ਼ਾਹ ਮਿਲ ਸਕੇ। ਸਮਾਗਮ ਦੌਰਾਨ ਉੱਘੇ ਸਾਹਿਤਕਾਰ ਪਵਨ ਹਰਚੰਦਪੁਰੀ ਦੀ ਪਤਨੀ ਪੁਸ਼ਪਾ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਅੰਤ ਵਿਚ ਸਾਂਝਾ ਸਾਹਿਤਕ ਮੰਚ ਵਲੋਂ ਬਲਕਾਰ ਔਲਖ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਦਵਿੰਦਰ ਸਿੰਘ, ਡਾ. ਅਮਰਜੀਤ ਸਿੰਘ, ਡਾ. ਅਮਰਜੀਤ ਕੌਂਕੇ, ਅੰਮ੍ਰਿਤਪਾਲ ਸਿੰਘ ਸ਼ੈਦਾ, ਬਲਬੀਰ ਸਿੰਘ ਦਿਲਦਾਰ, ਡਾ. ਇਕਬਾਲ ਸੋਮੀਆਂ, ਰਣਧੀਰ, ਅਵਤਾਰ ਸਿੰਘ ਮਾਨ, ਜੋਗਾ ਸਿੰਘ ਧਨੌਲਾ, ਰਾਜਵਿੰਦਰ ਕੌਰ ਜਟਾਣਾ, ਕਮਲ ਸੇਖੋਂ, ਸਿਮਰਨਜੀਤ ਸਿਮਰ, ਅਮਨ ਅਜਨੌਦਾ, ਤੇਜਿੰਦਰ ਸਿੰਘ ਅਨਜਾਨਾ, ਨਵਨੀਤ ਸਿੰਘ ਸਿੱਧੂ, ਮਨਮੋਹਨ ਸਿੰਘ ਨਾਭਾ, ਕ੍ਰਿਪਾਲ ਸਿੰਘ ਮੂਣਕ, ਸ਼ਮਸ਼ੇਰ ਸਿੰਘ, ਇੰਸ਼ਾਦ ਖਡਿਆਲਵੀ, ਤਰਨ ਪਟਿਆਲਵੀ ਸਮੇਤ ਹੋਰ ਸਾਹਿਤਕਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।