ਨੰਗਲ, 11 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਦੀ ਅੱਜ ਪ੍ਰਧਾਨ ਸ਼੍ਰੀਮਤੀ ਕਿਰਨ ਬਾਲਾ ਦੀ ਅਗਵਾਈ ਹੇਠ ਹੋਈ ਦੂਜੀ ਮੀਟਿੰਗ ਉਸ ਸਮੇਂ ਹੰਗਾਮੇ ਵਿਚ ਬਦਲ ਗਈ, ਜਦੋਂ ਪਿਛਲੀ ਮੀਟਿੰਗ ਦੀ ਪ੍ਰੋਸੀਡਿੰਗ ਦੀ ਕਾਪੀ ਨਾ ਮਿਲਣ, ਨਿਯਮਾਂ ਅਨੁਸਾਰ 72 ਘੰਟੇ ਪਹਿਲਾਂ ਏਜੰਡਾ ਉਪਲਬਧ ਨਾ ਕਰਵਾਉਣ ਅਤੇ 90 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕੰਮਾਂ ਨੂੰ ਇੱਕੋ ਮੀਟਿੰਗ ਵਿਚ ਪ੍ਰਵਾਨਗੀ ਦੇਣ ਦੇ ਮੁੱਦੇ ‘ਤੇ ਵਿਰੋਧੀ ਧਿਰ ਭਾਜਪਾ ਅਤੇ ਕਾਂਗਰਸੀ ਕੌਂਸਲਰਾਂ ਨੇ ਤਿੱਖਾ ਇਤਰਾਜ਼ ਜਤਾਇਆ। ਇਸ ਦੌਰਾਨ ਸੱਤਾ ‘ਤੇ ਵਿਰੋਧੀ ਧਿਰ ਦੇ ਕੌਂਸਲਰਾਂ ਵਿਚਕਾਰ ਤਿੱਖੀ ਤਕਰਾਰ ਹੋਈ । ਮੀਟਿੰਗ ਸ਼ੁਰੂ ਹੁੰਦਿਆਂ ਹੀ ਭਾਜਪਾ ਕੌਂਸਲਰ ਤੇ ਭਾਜਪਾ ਮੰਡਲ ਪ੍ਰਧਾਨ ਰਣਜੀਤ ਲੱਕੀ ਨੇ ਕੌਂਸਲ ਅਧਿਕਾਰੀਆਂ ਨੂੰ ਘੇਰਦਿਆਂ ਕਿਹਾ ਕਿ ਪਿਛਲੀ ਮੀਟਿੰਗ ਦੀ ਪ੍ਰੋਸੀਡਿੰਗ ਦੀ ਕਾਪੀ ਹੀ ਉਪਲਬਧ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾਂ ਪਿਛਲੀ ਮੀਟਿੰਗ ਵਿਚ ਦਰਜ ਕਰਵਾਏ ਇਤਰਾਜ਼ਾਂ ਦੀ ਪੁਸ਼ਟੀ ਕਿਵੇਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰੋਸੀਡਿੰਗ ਦੀ ਕਾਪੀ ਮਿਲਣ ਤੱਕ ਪਿਛਲੀ ਮੀਟਿੰਗ ਦੀ ਪੁਸ਼ਟੀ ਨਹੀਂ ਕੀਤੀ ਜਾਵੇਗੀ। ਰਣਜੀਤ ਲੱਕੀ ਨੇ ਦੋਸ਼ ਲਾਇਆ ਕਿ 11 ਤਰੀਕ ਨੂੰ ਹੋ ਰਹੀ ਮੀਟਿੰਗ ਦਾ ਏਜੰਡਾ ਉਨ੍ਹਾਂ ਨੂੰ 10 ਤਰੀਕ ਨੂੰ ਸਵੇਰੇ 11 ਵਜੇ ਤੋਂ ਬਾਅਦ ਮਿਲਿਆ, ਜਦਕਿ ਨਿਯਮਾਂ ਮੁਤਾਬਿਕ 72 ਘੰਟੇ ਪਹਿਲਾਂ ਏਜੰਡੇ ਦੀ ਕਾਪੀ ਮਿਲਣੀ ਚਾਹੀਦੀ ਹੈ। ਭਾਜਪਾ ਤੇ ਕਾਂਗਰਸ ਦੇ ਹੋਰ ਕੌਂਸਲਰਾਂ ਨੇ ਵੀ ਉਕਤ ਮੁੱਦੇ ਉੱਤੇ ਉਨ੍ਹਾਂ ਦੀ ਹਮਾਇਤ ਕਰਦਿਆਂ ਕੌਂਸਲ ਅਧਿਕਾਰੀਆਂ ‘ਤੇ ਅਣਦੇਖੀ ਦੇ ਗੰਭੀਰ ਇਲਜ਼ਾਮ ਲਗਾਏ। ਵਾਰਡਾਂ ਦੇ ਕੰਮ ਨਾ ਹੋਣ ਤੋਂ ਵੀ ਕੌਂਸਲਰ ਖ਼ਫ਼ਾ ਕਾਂਗਰਸੀ ਕੌਂਸਲਰ ਸੋਨੀਆ ਸੈਣੀ, ਲਖਵੀਰ ਲੱਕੀ, ਇੰਦੂ ਬਾਲਾ ਅਤੇ ਹੋਰਨਾਂ ਸਮੇਤ ਭਾਜਪਾ ਕੌਂਸਲਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਾਰਡਾਂ ਦੇ ਛੋਟੇ-ਛੋਟੇ ਕੰਮਾਂ ਲਈ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ। ਪਾਣੀ ਦੇ ਟੈਂਕਰ ਜਾਂ ਸਫ਼ਾਈ ਲਈ ਕਹਿਣ ‘ਤੇ ਇਨਕਾਰ ਕੀਤਾ ਜਾਂਦਾ ਹੈ, ਜਦਕਿ ਸੱਤਾ ਧਿਰ ਨਾਲ ਜੁੜੇ ਲੋਕਾਂ ਦੇ ਕਹਿਣ ‘ਤੇ ਕੰਮ ਕਰ ਦਿੱਤੇ ਜਾਂਦੇ ਹਨ। ਲਖਵੀਰ ਲੱਕੀ ਨੇ ਸ਼ਿਵਾਲਿਕ ਸਕੂਲ ਦੀ ਅਧਿਆਪਕਾ ਇੰਦੂ ਬਾਲਾ ਨੂੰ ਬਿਨਾਂ ਨੋਟਿਸ ਨੌਕਰੀ ਤੋਂ ਹਟਾਉਣ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਨੇ ਗੁੱਗਾ ਮਾੜੀ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਕੌਂਸਲ ਵਲੋਂ ਪਾਣੀ ਦੇ ਟੈਂਕਰ ਸਮੇਤ ਸਹਾਇਤਾ ਨਾ ਦੇਣ ‘ਤੇ ਵੀ ਸਵਾਲ ਉਠਾਏ। ਇਸ ਦੇ ਜਵਾਬ ਵਿਚ ‘ਆਪ’ ਕੌਂਸਲਰ ਲਵਲੀ ਆਗਰਾ, ਮਨਜੋਤ ਸਿੰਘ, ਕਮਲਾ ਦੇਵੀ, ਜਸਵੀਰ ਕੌਰ ਅਤੇ ਹਰਦੀਪ ਬੈਂਸ ਨੇ ਵਿਰੋਧੀ ਧਿਰ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸੱਤਾ ਸੰਭਾਲਿਆਂ ਕੁੱਝ ਹੀ ਮਹੀਨੇ ਹੋਏ ਹਨ ਅਤੇ ਪਿਛਲੇ ਕਾਰਜਕਾਲ ਦੌਰਾਨ ਸ਼ਹਿਰ ਦਾ ਵੱਡਾ ਨੁਕਸਾਨ ਹੋਇਆ। ਲਵਲੀ ਆਗਰਾ ਨੇ ਕੌਂਸਲ ਸਟਾਫ਼ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਚੁੱਕਦਿਆਂ ਵਾਰਡਾਂ ਦੇ ਛੋਟੇ ਕੰਮ ਨਾ ਹੋਣ ‘ਤੇ ਨਾਰਾਜ਼ਗੀ ਜਤਾਈ। 90 ਕਰੋੜ ਦੇ ਕੰਮਾਂ ਨੇ ਵਧਾਇਆ ਵਿਵਾਦ ਮੀਟਿੰਗ ਰੱਦ ਹੋਣ ਦਾ ਮੁੱਖ ਕਾਰਨ 90 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕੰਮਾਂ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਰਿਹਾ। ਵਿਰੋਧੀ ਧਿਰ ਦੇ ਤਿੰਨ ਭਾਜਪਾ ਤੇ ਅੱਠ ਕਾਂਗਰਸੀ ਕੌਂਸਲਰਾਂ ਨੇ ਕਿਹਾ ਕਿ ਕੌਂਸਲ ਦੇ ਸਟਾਫ਼ ਦੀ ਤਨਖ਼ਾਹ ‘ਤੇ ਹੀ ਕਰੋੜਾਂ ਰੁਪਏ ਖ਼ਰਚ ਹੁੰਦੇ ਹਨ ਅਤੇ ਇੰਨੀ ਵੱਡੀ ਰਕਮ ਦੇ ਕੰਮਾਂ ਲਈ ਵਿੱਤੀ ਪ੍ਰਬੰਧ ਸਪਸ਼ਟ ਹੋਣਾ ਚਾਹੀਦਾ ਹੈ। ਸੋਨੀਆ ਸੈਣੀ ਨੇ ਵੀ ਇੰਨੀ ਵੱਡੀ ਰਕਮ ਦੇ ਕੰਮ ਇੱਕੋ ਵਾਰ ਪਾਸ ਕਰਨ ‘ਤੇ ਸਵਾਲ ਖੜੇ ਕਰਕੇ ਸੱਤਾਧਾਰੀ ਧਿਰ ਨੂੰ ਘੇਰਿਆ। ਗੁਰੂ ਰਵਿਦਾਸ ਮਹਾਰਾਜ ਆਯੁਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾ. ਸੰਜੀਵ ਗੌਤਮ ਨੇ ਕਿਹਾ ਕਿ ਮੀਟਿੰਗ ਵਿਚ ਵੱਡੀ ਗਿਣਤੀ ਕੰਮ ਵਿਰੋਧੀ ਕੌਂਸਲਰਾਂ ਦੇ ਵਾਰਡਾਂ ਨਾਲ ਸਬੰਧਿਤ ਸਨ ਅਤੇ ਵਿਕਾਸ ਵਿਚ ਰੁਕਾਵਟ ਪਾਉਣ ਨਾਲ ਲੋਕਾਂ ਨੂੰ ਸਾਰੀ ਹਕੀਕਤ ਪਤਾ ਲੱਗੇਗੀ। ਉੱਧਰ ਈ.ਓ. ਸੰਗੀਤ ਕੁਮਾਰ ਨੇ ਸਪਸ਼ਟ ਕੀਤਾ ਕਿ ਲਗਭਗ 70 ਕਰੋੜ ਰੁਪਏ ਦੇ ਕੰਮ ਕੌਂਸਲ ਵਲੋਂ ਕੀਤੇ ਜਾਣੇ ਹਨ, ਪਰ ਵਿਰੋਧੀ ਧਿਰ ਦੇ ਕੌਂਸਲਰਾਂ ਵਲੋਂ ਰੌਲਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੌਂਸਲ ਦੀ ਸਾਲਾਨਾ ਆਮਦਨ 88 ਕਰੋੜ ਰੁਪਏ ਤੋਂ ਵੱਧ ਹੈ। ਖੈਰ ਕੁੱਝ ਵੀ ਹੋਵੇ ਇੱਕ ਵਾਰ ਨਗਰ ਕੌਂਸਲ ਨੰਗਲ ਦੀ ਇਹ ਮੀਟਿੰਗ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕੌਂਸਲਰਾਂ ਦੀ ਸਿਆਸੀ ਖਹਿਬਾਜ਼ੀ ਦੀ ਭੇਟ ਚੜ ਕੇ ਰਹਿ ਗਏ ਹਨ।
ਨਗਰ ਕੌਂਸਲ ਦੀ ਮੀਟਿੰਗ ’ ਚ 90 ਕਰੋੜ ਤੋਂ ਵਧੇਰੇ ਦੇ ਵਿਕਾਸ ਕੰਮ ਚੜ੍ਹੇ ’ ਕੌਂਸਲਰਾਂ ਦੇ ਹੰਗਾਮੇ ਦੀ ਭੇਟ
ਨੰਗਲ, 11 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਦੀ ਅੱਜ ਪ੍ਰਧਾਨ ਸ਼੍ਰੀਮਤੀ ਕਿਰਨ ਬਾਲਾ ਦੀ ਅਗਵਾਈ ਹੇਠ ਹੋਈ ਦੂਜੀ ਮੀਟਿੰਗ ਉਸ ਸਮੇਂ ਹੰਗਾਮੇ ਵਿਚ ਬਦਲ ਗਈ, ਜਦੋਂ ਪਿਛਲੀ ਮੀਟਿੰਗ ਦੀ ਪ੍ਰੋਸੀਡਿੰਗ ਦੀ ਕਾਪੀ ਨਾ ਮਿਲਣ, ਨਿਯਮਾਂ ਅਨੁਸਾਰ 72 ਘੰਟੇ ਪਹਿਲਾਂ ਏਜੰਡਾ ਉਪਲਬਧ ਨਾ ਕਰਵਾਉਣ ਅਤੇ 90 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕੰਮਾਂ ਨੂੰ ਇੱਕੋ ਮੀਟਿੰਗ ਵਿਚ ਪ੍ਰਵਾਨਗੀ ਦੇਣ ਦੇ ਮੁੱਦੇ ‘ਤੇ ਵਿਰੋਧੀ ਧਿਰ ਭਾਜਪਾ ਅਤੇ ਕਾਂਗਰਸੀ ਕੌਂਸਲਰਾਂ ਨੇ ਤਿੱਖਾ ਇਤਰਾਜ਼ ਜਤਾਇਆ। ਇਸ ਦੌਰਾਨ ਸੱਤਾ ‘ਤੇ ਵਿਰੋਧੀ ਧਿਰ ਦੇ ਕੌਂਸਲਰਾਂ ਵਿਚਕਾਰ ਤਿੱਖੀ ਤਕਰਾਰ ਹੋਈ ।
ਨਗਰ ਕੌਂਸਲ ਨੰਗਲ ਦੀ ਅੱਜ ਪ੍ਰਧਾਨ ਕਿਰਨ ਬਾਲਾ ਦੀ ਅਗਵਾਈ ਹੇਠ ਹੋਈ ਦੂਜੀ ਮੀਟਿੰਗ ਦੌਰਾਨ ਸੱਤਾ ਅਤੇ ਵਿਰੋਧੀ ਧਿਰ ਦੇ ਕੌਂਸਲਰ ਤਿੱਖੀ ਬਹਿਸ ਬਾਜ਼ੀ ਕਰਦੇ ਹੋਏ।
12-09-2026