70ਵੀਂਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਸ਼ੂਟਿੰਗ ਮੁਕਾਬਲੇ ਸਮਾਪਤ
23 ਜ਼ਿਲ੍ਹਿਆਂ ਦੇ 365 ਖਿਡਾਰੀਆਂ ਨੇ ਦਿਖਾਈ ਪ੍ਰਤਿਭਾ
ਰੂਪਨਗਰ, 3 ਨਵੰਬਰ (ਸਤਨਾਮ ਸਿੰਘ ਸੱਤੀ)-70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਸ਼ੂਟਿੰਗ ਦੇ ਮੁਕਾਬਲੇ ਸਥਾਨਕ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ (ਸਾਸਾ), ਰੂਪਨਗਰ ਵਿਖੇ ਸਮਾਪਤ ਹੋ ਗਏ। ਛੇ ਦਿਨ ਚੱਲੇ ਇਨ੍ਹਾਂ ਮੁਕਾਬਲਿਆਂ ’ਚ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਪਹੁੰਚੇ ਲਗਪਗ 365 ਖਿਡਾਰੀਆਂ ਨੇ ਅੰਡਰ-14 ਤੇ ਅੰਡਰ-19 ਵਰਗ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਰੂਪਨਗਰ, 3 ਨਵੰਬਰ (ਸਤਨਾਮ ਸਿੰਘ ਸੱਤੀ)-70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਸ਼ੂਟਿੰਗ ਦੇ ਮੁਕਾਬਲੇ ਸਥਾਨਕ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ (ਸਾਸਾ), ਰੂਪਨਗਰ ਵਿਖੇ ਸਮਾਪਤ ਹੋ ਗਏ। ਛੇ ਦਿਨ ਚੱਲੇ ਇਨ੍ਹਾਂ ਮੁਕਾਬਲਿਆਂ ’ਚ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਪਹੁੰਚੇ ਲਗਪਗ 365 ਖਿਡਾਰੀਆਂ ਨੇ ਅੰਡਰ-14 ਤੇ ਅੰਡਰ-19 ਵਰਗ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਮੁਕਾਬਲਿਆਂ ਵਿਚ ਪੀਪ ਸਾਈਟ ਏਅਰ ਰਾਈਫ਼ਲ, ਏਅਰ ਪਿਸਟਲ ਤੇ ਓਪਨ ਸਾਈਟ ਏਅਰ ਰਾਈਫ਼ਲ ਦੇ ਮੁਕਾਬਲੇ ਹੋਏ। ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਕਰਨਲ ਅਮਨਦੀਪ ਸਿੰਘ ਬਾਠ, ਪ੍ਰਬੰਧਕ ਅਧਿਕਾਰੀ ਐਨ. ਸੀ. ਸੀ. ਟਰੇਨਿੰਗ ਸਕੂਲ ਰੂਪਨਗਰ, ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਓਪਨ ਸਾਈਟ ਏਅਰ ਰਾਈਫ਼ਲ ਅੰਡਰ-14 ਲੜਕੀਆਂ ਦੇ ਵਿਅਕਤੀਗਤ ਮੁਕਾਬਲੇ ਵਿਚ ਰੂਪਨਗਰ ਦੀ ਕਿਰਨਜੀਤ ਕੌਰ ਨੇ ਪਹਿਲਾ ਤੇ ਮਾਨਸਾ ਦੀ ਨਿਮਰਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। ਅੰਡਰ-19 ਲੜਕੀਆਂ ਦੇ ਇਸੇ ਵਰਗ ਵਿਚ ਪਟਿਆਲਾ ਦੀ ਹਰਨੂਰ ਕੌਰ ਪਹਿਲੇ ਤੇ ਰੂਪਨਗਰ ਦੀ ਤਰਨਜੋਤ ਕੌਰ ਦੂਜੇ ਸਥਾਨ ’ਤੇ ਰਹੀ। ਏਅਰ ਪਿਸਟਲ ਅੰਡਰ-19 ਲੜਕੀਆਂ ਦੇ ਮੁਕਾਬਲੇ ਵਿਚ ਸੰਗਰੂਰ ਦੀ ਸਿਮਰਨ ਟਿਵਾਣਾ ਨੇ ਪਹਿਲਾ ਅਤੇ ਰੂਪਨਗਰ ਦੀ ਕੁਨਿਸ਼ਕਾ ਮੋਦਗਿਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਏਅਰ ਰਾਈਫ਼ਲ ਅੰਡਰ-14 ਲੜਕਿਆਂ ਦੇ ਵਰਗ ਵਿਚ ਰੂਪਨਗਰ ਦੇ ਤਨਵੀਰ ਸਿੰਘ ਨੇ ਪਹਿਲਾ ਤੇ ਪਟਿਆਲਾ ਦੇ ਗੁਰਵੰਸ਼ ਨੇ ਦੂਜਾ ਸਥਾਨ ਹਾਸਿਲ ਕੀਤਾ। ਏਅਰ ਰਾਈਫ਼ਲ ਅੰਡਰ-19 ਲੜਕਿਆਂ ਦੇ ਮੁਕਾਬਲੇ ਵਿਚ ਫ਼ਾਜ਼ਿਲਕਾ ਦੇ ਅੰਸ਼ੁਲ ਬੱਤਰਾ ਨੇ ਪਹਿਲਾ, ਮੁਹਾਲੀ ਦੇ ਅਭੇ ਪ੍ਰਤਾਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਟੀਮ ਵਰਗ ਦੇ ਸਾਰੇ ਮੁਕਾਬਲਿਆਂ ’ਚ ਪਟਿਆਲਾ ਜ਼ਿਲ੍ਹਾ ਅੱਵਲ ਰਿਹਾ। ਮੁੱਖ ਮਹਿਮਾਨ ਕਰਨਲ ਅਮਨਦੀਪ ਸਿੰਘ ਬਾਠ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਅਹਿਮ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਨਾਲ ਜੋੜਨਾ ਮਾਪਿਆਂ, ਅਧਿਆਪਕਾਂ ਅਤੇ ਸਕੂਲਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਅਕੈਡਮੀ ਦੇ ਪ੍ਰਿੰਸੀਪਲ ਰਾਜਨ ਚੋਪੜਾ ਨੇ ਕੋਚਾਂ, ਖੇਡ ਅਧਿਕਾਰੀਆਂ, ਮਾਪਿਆਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਪਹਿਲੀ ਵਾਰ ਆਨਲਾਈਨ ਨਤੀਜਿਆਂ ਦੀ ਸਹੂਲਤ ਦਿੱਤੀ ਗਈ, ਜਿਸ ਨਾਲ ਖਿਡਾਰੀਆਂ, ਕੋਚਾਂ ਤੇ ਮਾਪਿਆਂ ਨੂੰ ਪਾਰਦਰਸ਼ੀ ਢੰਗ ਨਾਲ ਨਤੀਜੇ ਤੁਰੰਤ ਉਪਲਬਧ ਹੋਏ। ਇਸ ਮੌਕੇ ਅਕੈਡਮੀ ਦੀ ਵਾਈਸ ਚੇਅਰਪਰਸਨ ਹਰਮਿੰਦਰ ਕੌਰ, ਸਟੇਟ ਐਵਾਰਡੀ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ, ਪ੍ਰਬੰਧਕੀ ਅਧਿਕਾਰੀ ਗੁਰਦਿਆਲ ਸਿੰਘ, ਸਕੂਲ ਇੰਸਪੈਕਟਰ ਨਵਜੋਤ ਕੌਰ, ਦੀਪਕ ਕੁਮਾਰ ਰਾਣਾ, ਅੰਮ੍ਰਿਤਪਾਲ ਸਿੰਘ, ਸ਼ੂਟਿੰਗ ਕੋਚ ਖ਼ੁਸ਼ਦੀਪ ਕੌਰ ਤੇ ਚੇਤਨਿਆ ਨਾਇਡੂ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਕੋਚ ਅਤੇ ਖੇਡ ਅਧਿਕਾਰੀ ਹਾਜ਼ਰ ਸਨ।