ਜਾਗਰੂਕਤਾ ਪ੍ਰੋਗਰਾਮ ਦੌਰਾਨ ਜਾਣਕਾਰੀ ਦੇ ਰਹੇ ਵਿਸ਼ਾ ਮਾਹਿਰ ਤੇ ਕਿਸਾਨ।
ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਲਈ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਲਗਾਇਆ
ਰੂਪਨਗਰ, 27 ਅਗਸਤ (ਯਸ਼ਵੰਤ ਬੱਸੀ)-ਕ੍ਰਿਸ਼ੀ ਵਿਗਿਆਨ ਕੇਂਦਰ ਰੂਪਨਗਰ ਵਿਖੇ ਝੋਨੇ ਦੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਦੀ ਮਹੱਤਤਾ ਸਬੰਧੀ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਜ਼ਿਲ੍ਹੇ ਦੇ 164 ਕਿਸਾਨਾਂ, ਕਿਸਾਨ ਬੀਬੀਆਂ ਤੇ ਪੇਂਡੂ ਨੌਜਵਾਨਾਂ ਨੇ ਭਾਗ ਲਿਆ।
ਰੂਪਨਗਰ, 27 ਅਗਸਤ (ਯਸ਼ਵੰਤ ਬੱਸੀ)-ਕ੍ਰਿਸ਼ੀ ਵਿਗਿਆਨ ਕੇਂਦਰ ਰੂਪਨਗਰ ਵਿਖੇ ਝੋਨੇ ਦੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਦੀ ਮਹੱਤਤਾ ਸਬੰਧੀ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਜ਼ਿਲ੍ਹੇ ਦੇ 164 ਕਿਸਾਨਾਂ, ਕਿਸਾਨ ਬੀਬੀਆਂ ਤੇ ਪੇਂਡੂ ਨੌਜਵਾਨਾਂ ਨੇ ਭਾਗ ਲਿਆ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ. ਸਤਬੀਰ ਸਿੰਘ ਨੇ ਝੋਨੇ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਸਬੰਧੀ ਨਵੀਆਂ ਤਕਨੀਕਾਂ, ਜਿਵੇਂ ਸਮਾਰਟ ਸੀਡਰ ਨਾਲ ਕਣਕ ਦੀ ਬਿਜਾਈ ਅਤੇ ਕਣਕ ਦੀ ਸਤਹੀ ਬਿਜਾਈ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਪੱਖੀ ਖੇਤੀਬਾੜੀ ਲਈ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਸੁਚੱਜਾ ਪ੍ਰਬੰਧਨ ਬਹੁਤ ਜ਼ਰੂਰੀ ਹੈ। ਇਸ ਨਾਲ ਮਿੱਟੀ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ, ਪਾਣੀ ਦੀ ਬੱਚਤ ਹੁੰਦੀ ਹੈ, ਮਿੱਟੀ ਵਿਚ ਸੂਖਮ ਜੀਵਾਣੂਆਂ ਦੀ ਗਿਣਤੀ ਵਧਦੀ ਹੈ, ਰਸਾਇਣਕ ਖਾਦਾਂ ਦੀ ਲੋੜ ਘਟਦੀ ਹੈ ਅਤੇ ਮਿੱਟੀ ਨੂੰ ਜੈਵਿਕ ਪਦਾਰਥ ਮਿਲਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਾ ਮਾਹਿਰਾਂ ਪ੍ਰੋਫ਼ੈਸਰ ਡਾ. ਅਪਰਣਾ, ਪ੍ਰੋਫ਼ੈਸਰ ਡਾ. ਸੰਜੀਵ ਅਹੂਜਾ, ਸਹਾਇਕ ਪ੍ਰੋਫ਼ੈਸਰ ਡਾ. ਅੰਕੁਰਦੀਪ ਪ੍ਰੀਤੀ ਅਤੇ ਸਹਾਇਕ ਪ੍ਰੋਫ਼ੈਸਰ ਡਾ. ਉਰਵੀ ਸ਼ਰਮਾ ਨੇ ਵੱਖ-ਵੱਖ ਸਹਾਇਕ ਖੇਤੀ ਕਿੱਤਿਆਂ ਵਿਚ ਪਰਾਲੀ ਦੀ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪਰਾਲੀ ਦੀ ਵਰਤੋਂ ਪਸ਼ੂਆਂ ਦੀ ਖੁਰਾਕ, ਫ਼ਸਲਾਂ ਵਿਚ ਮਲਚ ਵਜੋਂ ਅਤੇ ਖੁੰਬਾਂ ਦੀ ਪੈਦਾਵਾਰ ਲਈ ਖਾਦ ਤਿਆਰ ਕਰਨ ਵਾਸਤੇ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੌਦ ਸੁਰੱਖਿਆ ਸਬੰਧੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਰਾਹੀਂ ਫ਼ਸਲਾਂ ਵਿਚ ਕੀੜੇ-ਮਕੌੜਿਆਂ, ਬਿਮਾਰੀਆਂ ਅਤੇ ਚੂਹਿਆਂ ਦੀ ਰੋਕਥਾਮ ਬਾਰੇ ਵੀ ਚਾਨਣਾ ਪਾਇਆ ਗਿਆ। ਇਸ ਮੌਕੇ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਿਤ ਸਾਹਿਤ ਵੀ ਮੁਹੱਈਆ ਕਰਵਾਇਆ ਗਿਆ। ਕੈਂਪ ਵਿਚ ਸ਼ਾਮਲ ਸਮੂਹ ਭਾਗੀਦਾਰਾਂ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦਾ ਅਹਿਦ ਲਿਆ।