27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਹਲਕੇ ਦੇ ਸਿਆਸੀ ਗਲਿਆਰਿਆਂ ਤੇ ਵੋਟਰਾਂ ’ਚ ਕਈ ਤਰ੍ਹਾਂ ਦੀਆਂ ਚਰਚਾਵਾਂ... ਕੀ ਡਾ. ਨਿਸ਼ਾਨ ਸਿੰਘ ਦਾ ਤੀਰ ਨਿਸ਼ਾਨੇ ’ਤੇ ਵੱਜੇਗਾ ?

ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 27 ਨਵੰਬਰ - ਕੀ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਅਨੁਸੂਚਿਤ ਜਾਤੀ ਲਈ ਰਾਖਵੇਂ ਹਲਕਾ ਬੁਢਲਾਡਾ ਤੋਂ ਡਾ. ਨਿਸ਼ਾਨ ਸਿੰਘ ਦਾ ਤੀਰ ‘ਨਿਸ਼ਾਨੇ’ ’ਤੇ ਵੱਜੇਗਾ ?

Ad Position 21
No active advertisement
ਅਜੀਤ ਡੈਸਕ 28-11-2026
ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 27 ਨਵੰਬਰ - ਕੀ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਅਨੁਸੂਚਿਤ ਜਾਤੀ ਲਈ ਰਾਖਵੇਂ ਹਲਕਾ ਬੁਢਲਾਡਾ ਤੋਂ ਡਾ. ਨਿਸ਼ਾਨ ਸਿੰਘ ਦਾ ਤੀਰ ‘ਨਿਸ਼ਾਨੇ’ ’ਤੇ ਵੱਜੇਗਾ ? ਇਹ ਸਵਾਲ ਮਾਨਸਾ ਜ਼ਿਲ੍ਹੇ ਦੇ ਸਿਆਸੀ ਗਲਿਆਰਿਆਂ ’ਚ ਚਰਚਾ ਦਾ ਵਿਸ਼ਾ ਹੀ ਨਹੀਂ ਬਲਕਿ ਸਾਧਾਰਨ ਵੋਟਰ ਵੀ ਇੱਕ-ਦੂਸਰੇ ਨੂੰ ਕਰ ਰਹੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦਾ ਵਰਕਰ ਨਾ ਹੁੰਦਿਆਂ ਵੀ ਮਾਨਸਾ ’ਚ ਨਿੱਜੀ ਕਲੀਨਿਕ ਚਲਾ ਰਹੇ ਡਾ. ਨਿਸ਼ਾਨ ਸਿੰਘ ਨੂੰ ਘਰੋਂ ਬੁਲਾ ਕੇ ਟਿਕਟ ਨਾਲ ਨਿਵਾਜਿਆ ਸੀ। ਭਾਵੇਂ ਉਹ 50 ਹਜਾਰ ਤੋਂ ਵੱਧ ਵੋਟਾਂ ਲੈ ਗਏ ਸਨ ਪਰ ਤੀਸਰੇ ਸਥਾਨ ’ਤੇ ਰਹੇ ਸਨ। 2022 ਦੀਆਂ ਚੋਣਾਂ ’ਚ ਵੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਮੁੜ ਚੋਣ ਮੈਦਾਨ ’ਚ ਉਤਾਰਿਆ ਗਿਆ ਤਾਂ ਡਾ. ਸਿੰਘ ਨੂੰ ਸਿਰਫ਼ 36 ਹਜਾਰ 591 ਵੋਟਾਂ ਮਿਲੀਆ ਜਦਕਿ ‘ਆਪ’ ਦੇ ਵਿਧਾਇਕ ਬੁੱਧ ਰਾਮ 51 ਹਜਾਰ 691 ਵੋਟਾਂ ’ਤੇ ਨਿਸ਼ਾਨ ਸਿੰਘ ਨੂੰ ਪਛਾੜ ਕੇ ਮੁੜ ਐਮ.ਐਲ.ਏ. ਬਣ ਗਏ। ਲੋਕ ਸਭਾ ਹਲਕਾ ਬਠਿੰਡਾ ਦੇ 9 ਹਲਕਿਆਂ ’ਚੋਂ ਬੁਢਲਾਡਾ ਨੂੰ ਅਕਾਲੀ ਪੱਖੀ ਹਲਕਾ ਸਮਝਿਆ ਜਾਂਦਾ ਰਿਹਾ ਹੈ। ਪਿਛਲੇ 5 ਵਰ੍ਹਿਆਂ ਦੌਰਾਨ ਡਾ. ਸਿੰਘ ਹਲਕੇ ’ਚ ਘੱਟ-ਵੱਧ ਹੀ ਵਿਚਰੇ ਪਰ ਫਿਰ ਵੀ ਵੱਖ-ਵੱਖ ਸਰਵਿਆਂ ’ਚ ਅਕਾਲੀ ਦਲ ਦੀ ਸਥਿਤੀ ਮਜ਼ਬੂਤ ਹੋਣ ਕਰ ਕੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੁਢਲਾਡਾ ਰੈਲੀ ਦੌਰਾਨ ਉਨ੍ਹਾਂ ਨੂੰ ਤੀਸਰੀ ਵਾਰ 2027 ਦੀਆਂ ਚੋਣਾਂ ਲਈ ਉਮੀਦਵਾਰ ਘੋਸ਼ਿਤ ਕਰ ਦਿੱਤਾ ਪਰ ਅਚਾਨਕ ਉਨ੍ਹਾਂ ਲਗਭਗ ਢਾਈ ਮਹੀਨੇ ਪਹਿਲਾਂ 17 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਅਕਾਲੀ ਦਲ ਦੀ ਸਿਆਸਤ ’ਚ ਖਲਬਲੀ ਹੀ ਨਹੀਂ ਮਚਾਈ ਸੀ ਬਲਕਿ ਮਾਲਵਾ ਖੇਤਰ ਦੇ ਇੱਧਰਲੇ ਜ਼ਿਲ੍ਹਿਆਂ ਦੀ ਰਾਜਨੀਤੀ ’ਚ ਕਈ ਤਰ੍ਹਾਂ ਦੀਆਂ ਚਰਚਾਵਾਂ ਛੇੜ ਦਿੱਤੀਆਂ ਸਨ। ਅਸਤੀਫ਼ਾ ਦੇਣ ਦਾ ਕਾਰਨ ਉਸ ਵੇਲੇ ਘਰੇਲੂ ਮਜਬੂਰੀ ਤੇ ਆਰਥਿਕਤਾ ਦੱਸਿਆ ਗਿਆ ਸੀ। ਉਨ੍ਹਾਂ ਦੇ ਅਸਤੀਫ਼ੇ ਉਪਰੰਤ ਅਕਾਲੀ ਦਲ ਹਲਕੇ ’ਚੋਂ ਇਕ ਵਾਰ ਯੋਗ ਉਮੀਦਵਾਰ ਤੋਂ ਵਾਂਝਾ ਹੋ ਗਿਆ ਸੀ ਅਤੇ ਦਰਜਨ ਦੇ ਕਰੀਬ ਅਕਾਲੀ ਦਲ ਦੇ ਵਰਕਰਾਂ ਤੋਂ ਇਲਾਵਾ ਹੋਰ ਪਾਰਟੀਆਂ ਦੇ ਆਗੂ ਸੰਭਾਵੀ ਉਮੀਦਵਾਰ ਤੇ ਹਲਕਾ ਇੰਚਾਰਜ ਬਣਨ ਲਈ ਜੋੜ-ਤੋੜ ਕਰਨ ਲੱਗੇ ਸਨ ਪ੍ਰੰਤੂ ਸੁਖਬੀਰ ਸਿੰਘ ਬਾਦਲ ਨੇ ਰਾਜਨੀਤਿਕ ਦਾਅ ਖੇਡਦਿਆਂ ਅਕਾਲੀ ਦਲ ਨੂੰ ਛੱਡ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ ਬਲਵਿੰਦਰ ਸਿੰਘ ਪਟਵਾਰੀ ਨੂੰ ਆਪਣੇ ਗ੍ਰਹਿ ਪਿੰਡ ਬਾਦਲ ਵਿਖੇ ਸਾਥੀਆਂ ਸਮੇਤ ਮੁੜ ਦਲ ’ਚ ਸ਼ਾਮਲ ਕਰ ਕੇ ਹਲਕਾ ਇੰਚਾਰਜ ਥਾਪ ਦਿੱਤਾ ਸੀ ਅਤੇ ਨਾਲ ਹੀ ਬੁਢਲਾਡਾ ਤੋਂ ਚੋਣ ਲੜਨ ਦਾ ਇਸ਼ਾਰਾ ਵੀ ਕਰ ਦਿੱਤਾ ਸੀ। ਪਟਵਾਰੀ ਨੇ ਉਦੋਂ ਤੋਂ ਅਗੇਤੀਆਂ ਚੋਣ ਸਰਗਰਮੀਆਂ ਵਿੱਢੀਆਂ ਹੋਈਆਂ ਹਨ। ਇਸੇ ਦੇ ਚੱਲਦਿਆਂ 9 ਦਿਨ ਪਹਿਲਾਂ 18 ਨਵੰਬਰ ਨੂੰ ਡਾ. ਨਿਸ਼ਾਨ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੇ ਚੰਡੀਗੜ੍ਹ ਵਾਲੇ ਗ੍ਰਹਿ ਵਿਖੇ ਗਲਵੱਕੜੀ ਪਾ ਲਈ ਅਤੇ ਇਕ ਸਾਧਾਰਨ ਵਰਕਰ ਵਜੋਂ ਅਕਾਲੀ ਦਲ ’ਚ ਕੰਮ ਕਰਨ ਦਾ ਵਚਨ ਕੀਤਾ। ਭਰੋਸੇਯੋਗ ਸੂਤਰਾਂ ਦੀ ਮੰਨੀ ਜਾਵੇ ਤਾਂ ਡਾ. ਸਿੰਘ ਦਾ ਅਕਾਲੀ ਦਲ ਨੂੰ ਅਲਵਿਦਾ ਕਹਿਣਾ ਸਾਧਾਰਨ ਗੱਲ ਨਹੀਂ ਸੀ ਬਲਕਿ ਉਨ੍ਹਾਂ ’ਤੇ ਸਟੇਟ ਦਾ ਦਬਾਅ ਹੀ ਐਨਾ ਸੀ ਕਿ ਉਨ੍ਹਾਂ ਨੂੰ ਅਸਤੀਫ਼ਾ ਦੇਣ ਵਰਗਾ ਕਦਮ ਪੁੱਟਣਾ ਪਿਆ ਪਰ ਜਦੋਂ ਹੁਣ ਉਨ੍ਹਾਂ ਨੇ ਮੁੜ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ’ਚ ਕਾਂਗਰਸ ਦਾ ‘ਹੱਥ’ ਫੜ੍ਹ ਲਿਆ ਹੈ, ਸਬੰਧੀ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ। ਅਕਾਲੀ ਵਰਕਰ ਵੀ ਹੈਰਾਨ ਹਨ ਕਿ ਅਚਨਚੇਤ ਇਹ ਭਾਣਾ ਕਿਵੇਂ ਵਰਤ ਗਿਆ ਪਰ ਉਹ ਨਾਲ ਹੀ ਆਖਦੇ ਹਨ ਕਿ ਚੰਗਾ ਹੋਇਆ ਕਿ ਚੋਣ ਪ੍ਰਕਿਰਿਆ ਤੋਂ ਪਹਿਲਾਂ ਇਹ ਸਾਰਾ ਘਟਨਾਕ੍ਰਮ ਵਾਪਰ ਗਿਆ। ਉੱਧਰ ਕਾਂਗਰਸ ਹਲਕੇ ਵੀ ਹੈਰਾਨ ਹਨ ਕਿ ਇਹ ਕਿੱਦਾਂ ਹੋ ਗਿਆ। ਦੱਸ ਦੇਈਏ ਕਿ ਕਾਂਗਰਸ ਦੀ ਹਲਕਾ ਇੰਚਾਰਜ ਡਾ. ਰਣਵੀਰ ਕੌਰ ਮੀਆਂ ਹਨ, ਜਿਨ੍ਹਾਂ ਦਾ ਪੜਦਾਦਾ ਸਹੁਰਾ ਹਾਕਮ ਸਿੰਘ ਮੀਆਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਸਮੇਂ ਲੋਕ ਸਭਾ ਬਠਿੰਡਾ ਤੋਂ ਸੰਸਦ ਮੈਂਬਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਵਲੋਂ ਵੱਖ-ਵੱਖ ਸਕੂਲਾਂ ’ਚ ਕਲਾਸ ਰੂਮਾਂ ਅਤੇ ਵੋਕੇਸ਼ਨਲ ਵਰਕਸ਼ਾਪ ਦਾ ਉਦਘਾਟਨ ਅਗਲੀ ਖ਼ਬਰ ਭੀਖੀ ਇਲਾਕੇ ਵਿਚ ਝੋਨੇ ਦੀ ਰਿਕਾਰਡ ਪੈਦਾਵਾਰ 1 ਲੱਖ 93 ਹਜ਼ਾਰ 831 ਮੀਟਰਿਕ ਟਨ ਨਾਲ 14 ਫ਼ੀਸਦੀ ਵਾਧਾ ਦਰਜ
Ad Position 24