ਬੋਹਾ ਰਜਬਾਹੇ ’ਚ ਚੱਲ ਰਹੀ ਬੰਦੀ ਕਾਰਨ ਲੋਕ ਪੀਣ ਵਾਲੇ ਪਾਣੀ ਨੂੰ ਤਰਸੇ
ਬਰੇਟਾ, 26 ਨਵੰਬਰ (ਜੀਵਨ ਸ਼ਰਮਾ)- ਇਲਾਕੇ ’ਚੋਂ ਲੰਘਦੇ ਬੋਹਾ ਰਜਬਾਹੇ ’ਚ ਪਿਛਲੇ ਮਹੀਨੇ ਤੋਂ ਚੱਲ ਰਹੀ ਪਾਣੀ ਦੀ ਬੰਦੀ ਕਾਰਨ ਖੇਤਰ ਦੇ ਲੋਕ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਦੱਸਣਯੋਗ ਹੈ ਕਿ ਇਲਾਕੇ ਦੇ ਸਾਰੇ ਵਾਟਰ ਵਰਕਸ ਜੋ ਇਸ ਰਜਬਾਹੇ ’ਤੇ ਹੀ ਨਿਰਭਰ ਹਨ, ਦੇ ਟੈਂਕ ਪਾਣੀ ਤੋਂ ਸੱਖਣੇ ਹੋ ਗਏ ਹਨ।
ਬਰੇਟਾ, 26 ਨਵੰਬਰ (ਜੀਵਨ ਸ਼ਰਮਾ)- ਇਲਾਕੇ ’ਚੋਂ ਲੰਘਦੇ ਬੋਹਾ ਰਜਬਾਹੇ ’ਚ ਪਿਛਲੇ ਮਹੀਨੇ ਤੋਂ ਚੱਲ ਰਹੀ ਪਾਣੀ ਦੀ ਬੰਦੀ ਕਾਰਨ ਖੇਤਰ ਦੇ ਲੋਕ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਦੱਸਣਯੋਗ ਹੈ ਕਿ ਇਲਾਕੇ ਦੇ ਸਾਰੇ ਵਾਟਰ ਵਰਕਸ ਜੋ ਇਸ ਰਜਬਾਹੇ ’ਤੇ ਹੀ ਨਿਰਭਰ ਹਨ, ਦੇ ਟੈਂਕ ਪਾਣੀ ਤੋਂ ਸੱਖਣੇ ਹੋ ਗਏ ਹਨ। ਲੋਕਾਂ ਨੂੰ ਧਰਤੀ ਹੇਠਲਾ ਮਾੜਾ ਪਾਣੀ ਪੀ ਕੇ ਪਿਆਸ ਬਝਾਉਣੀ ਪੈ ਰਹੀ ਹੈ ਤੇ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਸਮੇਂ ਕੀਤੀ ਪਾਣੀ ਦੀ ਬੰਦੀ ਕਰ ਕੇ ਬਹੁਤ ਹੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ ਕਿਉਂਕਿ ਪਿੰਡਾਂ ’ਚ ਚੱਲ ਰਹੇ ਵੱਡੇ ਸਰਕਾਰੀ ਆਰ.ਉ. ਸਿਸਟਮ ਬੰਦ ਹੋ ਚੁੱਕੇ ਹਨ ਜਦਕਿ ਨਹਿਰੀ ਪਾਣੀ ਹੀ ਉਨ੍ਹਾਂ ਦਾ ਸਹਾਰਾ ਹੈ ਅਤੇ ਪੀਣ ਵਾਲਾ ਪਾਣੀ ਮੁੱਲ ਖਰੀਦਣਾ ਪੈ ਰਿਹਾ ਹੈ। ਖੇਤਾਂ ਨੂੰ ਨਹਿਰੀ ਪਾਣੀ ਦੀ ਲੋੜ- ਕਣਕ ਦੀ ਸਿੰਚਾਈ ਦਾ ਸਮਾਂ ਹੋਣ ਕਾਰਨ ਨਹਿਰੀ ਪਾਣੀ ਦੀ ਸਖਤ ਜ਼ਰੂਰਤ ਹੈ। ਨਰਮੇ ਵਾਲੀਆਂ ਜ਼ਮੀਨਾਂ ਨੂੰ ਕਣਕ ਦੀ ਬਿਜਾਈ ਲਈ ਨਹਿਰੀ ਪਾਣੀ ਦੀ ਵਧੇਰੇ ਲੋੜ ਹੈ। ਇਸ ਤੋਂ ਇਲਾਵਾ ਹਰੇ ਚਾਰੇ ਤੇ ਹੋਰ ਫਸਲਾਂ ਨੂੰ ਵੀ ਨਹਿਰੀ ਪਾਣੀ ਚਾਹੀਦਾ ਹੈ। ਲੋਕਾਂ ਦੀ ਜ਼ੋਰਦਾਰ ਮੰਗ ਹੈ ਕਿ ਜਲਦ ਤੋਂ ਜਲਦ ਰਜਬਾਹੇ ’ਚ ਪਾਣੀ ਛੱਡਿਆ ਜਾਵੇ ਤਾਂ ਜੋ ਪਾਣੀ ਨਾਲ ਸਬੰਧਿਤ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲ ਸਕੇ। ਇਸ ਸਬੰਧੀ ਨਹਿਰੀ ਵਿਭਾਗ ਦੇ ਉਪ ਮੰਡਲ ਅਫ਼ਸਰ ਅਵਤਾਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਸ ਰਜਬਾਹੇ ’ਚ 30 ਨਵੰਬਰ ਤੱਕ ਪਾਣੀ ਪਹੁੰਚ ਜਾਵੇਗਾ।