ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਸਿਹਤ ਸੇਵਾਵਾਂ ਦਾ ਪ੍ਰਬੰਧ ਕੀਤਾ
ਮਾਨਸਾ, 18 ਅਕਤੂਬਰ (ਵਿ. ਪ੍ਰਤੀ.)
ਮਾਨਸਾ, 18 ਅਕਤੂਬਰ (ਵਿ.ਪ੍ਰਤੀ.)- ਐਂਟੀ ਡਰੱਗ ਟਾਸਕ ਫੋਰਸ ਦੇ ਨੌਜਵਾਨ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਾਮਲੇ ’ਚ ਇਨਸਾਫ਼ ਲੈਣ ਲਈ ਚੱਲ ਰਹੇ ਧਰਨੇ ’ਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਐਸੋਸੀਏਸ਼ਨ ਦੇ ਆਗੂ ਧੰਨਾ ਮੱਲ ਗੋਇਲ ਨੇ ਕਿਹਾ ਕਿ ਲੋਕਾਂ ਦੀ ਸਿਹਤ ਸੰਭਾਲ ਦੇ ਨਾਲ-ਨਾਲ ਅਜਿਹੇ ਮੌਕਿਆਂ ’ਤੇ ਸੇਵਾ ਭਾਵਨਾ ਨੂੰ ਕਾਇਮ ਰੱਖਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵਲੋਂ ਲੋਕ ਸੰਘਰਸ਼ਾਂ ਦੌਰਾਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਮਨੁੱਖਤਾ ਦੀ ਸੇਵਾ ਦਾ ਅਹਿਮ ਹਿੱਸਾ ਹੈ। ਸ੍ਰੀ ਗੋਇਲ ਨੇ ਕਿਹਾ ਕਿ ਜਦੋਂ ਤੱਕ ਧਰਨਾ ਜਾਰੀ ਰਹੇਗਾ, ਉਦੋਂ ਤੱਕ ਸੰਘਰਸ਼ ’ਚ ਸ਼ਾਮਿਲ ਲੋਕਾਂ ਲਈ ਸਿਹਤ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ। ਇਸ ਮੌਕੇ ਗੁਰਪ੍ਰੀਤ ਸਿੰਘ ਭੈਣੀਬਾਘਾ, ਰਣਵੀਰ ਸਿੰਘ, ਗੁਰਨਾਮ ਸਿੰਘ ਕੋਟੜਾ, ਅਮਰੀਕ ਸਿੰਘ, ਨਿਰਮਲ ਸਿੰਘ ਰਾਏਪੁਰ, ਬੂਟਾ ਸਿੰਘ ਕੋਟਲੱਲੂ, ਗੁਰਵਿੰਦਰ ਸਿੰਘ ਝੰਡੂਕੇ, ਰਾਜ ਮਾਨ ਆਦਿ ਹਾਜ਼ਰ ਸਨ।