ਨਹਿਰੂ ਕਾਲਜ ਦੀਆਂ ਸਹੂਲਤਾਂ ਸੰਬੰਧੀ ਪੀ.ਐੱਸ.ਯੂ. ਵਲੋਂ ਵਿਧਾਇਕ ਡਾ. ਵਿਜੇ ਸਿੰਗਲਾ ਨਾਲ ਮੀਟਿੰਗ
ਮਾਨਸਾ, 29 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ’ਚ ਬੁਨਿਆਦੀ ਸਹੂਲਤਾਂ ਸਬੰਧੀ ਪੰਜਾਬ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨਾਲ ਮੀਟਿੰਗ ਕੀਤੀ ਗਈ।
ਮਾਨਸਾ, 29 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ’ਚ ਬੁਨਿਆਦੀ ਸਹੂਲਤਾਂ ਸਬੰਧੀ ਪੰਜਾਬ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨਾਲ ਮੀਟਿੰਗ ਕੀਤੀ ਗਈ। ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਕੌਰ ਨੇ ਵਿਧਾਇਕ ਦੇ ਧਿਆਨ ’ਚ ਲਿਆਂਦਾ ਕਿ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਕਾਲਜ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੱਕਾ ਪ੍ਰਿੰਸੀਪਲ ਨਾ ਹੋਣ ਕਾਰਨ ਪੜ੍ਹਾਈ ਦੇ ਨਾਲ ਨਾਲ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਲਜ ਦੇ ਗੇਟ ਅੱਗੇ ਬੱਸਾਂ ਨਾ ਰੁਕਣ ਕਾਰਨ ਵਿਦਿਆਰਥੀਆਂ ਨੂੰ 3-4 ਕਿੱਲੋਮੀਟਰ ਤੁਰ ਕੇ ਆਉਣਾ ਪੈਂਦਾ ਹੈ। ਪੀਣ ਵਾਲਾ ਪਾਣੀ ਵੀ ਨਾ ਹੋਣ ਕਾਰਨ ਵਿਦਿਆਰਥੀ ਖਾਰਾ ਤੇ ਭਾਰਾ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕਾਲਜ ’ਚ ਸਾਫ਼ ਸਫ਼ਾਈ ਦਾ ਪ੍ਰਬੰਧ ਨਹੀਂ ਹੈ ਅਤੇ ਪਖਾਨਿਆਂ ਦੀ ਹਾਲਤ ਦੀ ਬਦਤਰ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕਾਲਜ ’ਚ ਨਵੇਂ ਕੋਰਸ ਲਿਆਂਦੇ ਜਾਣ। ਵਿਧਾਇਕ ਨੇ ਯੂਨੀਅਨ ਨੂੰ ਦੱਸਿਆ ਕਿ ਉਹ 31 ਅਗਸਤ ਨੂੰ ਕਾਲਜ ਦਾ ਦੌਰਾ ਕਰ ਕੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਹੋਣਗੇ ਅਤੇ ਉਨ੍ਹਾਂ ਦਾ ਜਲਦ ਹੱਲ ਕੱਢਿਆ ਜਾਵੇਗਾ। ਯੂਨੀਅਨ ਆਗੂ ਨੇ ਕਿਹਾ ਕਿ ਜੇਕਰ ਸਮੱਸਿਆਵਾਂ ਦਾ ਜਲਦ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਤਿੱਖਾ ਰੂਪ ਦਿੱਤਾ ਜਾਵੇਗਾ। ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਭੂਸ਼ਣ ਕੁਮਾਰ ਮੱਤੀ ਅਤੇ ਐਮ.ਸੀ. ਅਸ਼ੋਕ ਸਪੋਲੀਆ ਵੀ ਮੌਜੂਦ ਸਨ। ਇਸ ਮੌਕੇ ਦਲਜੀਤ ਕੌਰ ਖਾਰਾ, ਜਸ਼ਨਦੀਪ ਸਿੰਘ ਭਾਈ ਦੇਸਾ, ਸੁਖਵਿੰਦਰ ਸਿੰਘ, ਗੁਰਸਾਹਿਬ ਸਿੰਘ ਝੁਨੀਰ, ਪ੍ਰਦੀਪ ਕੌਰ, ਓਮ ਪ੍ਰਕਾਸ਼ ਸਿੰਘ, ਚਰਨਜੀਤ ਸਿੰਘ, ਸ਼ਗਨਦੀਪ ਸਿੰਘ, ਰਾਜਵੀਰ ਸਿੰਘ ਅਤਲਾ ਆਦਿ ਹਾਜ਼ਰ ਸਨ।