ਲੱਖਾਂ ਦੀ ਵਿਰਾਸਤੀ ਧਰੋਹਰ ਕਬਾੜ ’ ਚ ਵੇਚਣ ਦੀ ਫ਼ਿਰਾਕ ’ ਚ ਸਨ ਚੋਰ
ਚੰਡੀਗੜ੍ਹ, 11 ਨਵੰਬਰ (ਸੰਦੀਪ ਕੁਮਾਰ ਮਾਹਨਾ)- ਚੰਡੀਗੜ੍ਹ ਦੀ ਵਿਰਾਸਤੀ ਪਛਾਣ ਦਾ ਅਹਿਮ ਹਿੱਸਾ ਮੰਨੇ ਜਾਂਦੇ ਹੇਰੀਟੇਜ ਮੈਨਹੋਲ ਕਵਰਾਂ ਨੂੰ ਚੋਰੀ ਕਰਕੇ ਕਬਾੜ ਵਿਚ ਵੇਚਣ ਦੀ ਕੋਸ਼ਿਸ਼ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਨਗਰ ਨਿਗਮ ਦੇ ਮੁਲਾਜ਼ਮਾਂ ਵਰਗੀਆਂ ਜੈਕਟਾਂ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹੋਏ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਚੰਡੀਗੜ੍ਹ, 11 ਨਵੰਬਰ (ਸੰਦੀਪ ਕੁਮਾਰ ਮਾਹਨਾ)- ਚੰਡੀਗੜ੍ਹ ਦੀ ਵਿਰਾਸਤੀ ਪਛਾਣ ਦਾ ਅਹਿਮ ਹਿੱਸਾ ਮੰਨੇ ਜਾਂਦੇ ਹੇਰੀਟੇਜ ਮੈਨਹੋਲ ਕਵਰਾਂ ਨੂੰ ਚੋਰੀ ਕਰਕੇ ਕਬਾੜ ਵਿਚ ਵੇਚਣ ਦੀ ਕੋਸ਼ਿਸ਼ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਨਗਰ ਨਿਗਮ ਦੇ ਮੁਲਾਜ਼ਮਾਂ ਵਰਗੀਆਂ ਜੈਕਟਾਂ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹੋਏ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਨੇ ਉਨ੍ਹਾਂ ਕੋਲੋਂ 4 ਚੋਰੀਸ਼ੁਦਾ ਹੇਰੀਟੇਜ ਮੈਨਹੋਲ ਕਵਰ ਅਤੇ ਇਕ ਐਕਟਿਵਾ ਬਰਾਮਦ ਕੀਤਾ ਹੈ। ਵਾਰਡ ਨੰਬਰ 34 ਦੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਇਸ ਮਾਮਲੇ ਨੂੰ ਲਗਾਤਾਰ ਉਠਾਉਂਦਿਆਂ ਪੁਲਿਸ ਦੇ ਧਿਆਨ ਵਿਚ ਲਿਆਂਦਾ ਸੀ, ਜਿਸ ਤੋਂ ਬਾਅਦ ਸੈਕਟਰ 45 ਸਥਿਤ ਪੁਲਿਸ ਚੌਂਕੀ ਦੇ ਇੰਚਾਰਜ ਇੰਸਪੈਕਟਰ ਨਵੀਨ ਕੁਮਾਰ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਟੀਮ ਦਾ ਗਠਨ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਨਵੀਨ ਕੁਮਾਰ ਵਲੋਂ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਸੈਕਟਰ-46 ਤੋਂ ਗ੍ਰਿਫ਼ਤਾਰ ਕੀਤਾ ਗਿਆ। ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਚੌਂਕੀ ਇੰਚਾਰਜ ਨਵੀਨ ਕੁਮਾਰ ਵਲੋਂ ਕੀਤੀ ਗਈ ਤੁਰੰਤ ਕਾਰਵਾਈ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। । ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਹਾਲੀ ਦੇ ਫ਼ੇਜ਼11 ਵਾਸੀ 24 ਸਾਲਾ ਰਾਜਾ ਰਾਮ ਅਤੇ ਚੰਡੀਗੜ੍ਹ ਦੇ ਅਟਾਵਾ ਵਾਸੀ 32 ਸਾਲਾ ਮੁਕੇਸ਼ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਮੂਲ ਰੂਪ ਵਿਚ ਸਹਾਰਨਪੁਰ ਦੇ ਰਹਿਣ ਵਾਲੇ ਹਨ। ਪੁਲਿਸ ਅਨੁਸਾਰ ਸ਼ਰਾਬ ਦੀ ਲਤ ਅਤੇ ਪੈਸਿਆਂ ਦੀ ਤੰਗੀ ਕਾਰਨ ਮੁਲਜ਼ਮਾਂ ਨੇ ਪਹਿਲਾਂ ਐਕਟਿਵਾ ਚੋਰੀ ਕੀਤਾ ਅਤੇ ਫਿਰ ਹੇਰੀਟੇਜ ਮੈਨਹੋਲ ਕਵਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਨਗਰ ਨਿਗਮ ਮੁਲਾਜ਼ਮਾਂ ਵਰਗੀਆਂ ਜੈਕਟਾਂ ਪਾ ਕੇ ਕਰਦੇ ਸਨ ਚੋਰੀ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਸਮੇਂ ਨਗਰ ਨਿਗਮ ਦੇ ਮੁਲਾਜ਼ਮਾਂ ਵਰਗੀਆਂ ਜੈਕਟਾਂ ਪਹਿਨ ਕੇ ਐਕਟਿਵਾ ’ਤੇ ਘੁੰਮਦੇ ਸਨ। ਇਸ ਕਾਰਨ ਦਿਨ-ਦਿਹਾੜੇ ਵੀ ਲੋਕ ਉਨ੍ਹਾਂ ਨੂੰ ਸਰਕਾਰੀ ਮੁਲਾਜ਼ਮ ਸਮਝ ਲੈਂਦੇ ਸਨ ਅਤੇ ਇਹ ਮੰਨਦੇ ਸਨ ਕਿ ਉਹ ਸੀਵਰੇਜ ਦੀ ਮੁਰੰਮਤ ਦਾ ਕੰਮ ਕਰ ਰਹੇ ਹਨ। ਇਸੇ ਗੱਲ ਦਾ ਫ਼ਾਇਦਾ ਉਠਾ ਕੇ ਮੁਲਜ਼ਮ ਮੈਨਹੋਲ ਕਵਰ ਚੋਰੀ ਕਰ ਲੈਂਦੇ ਸਨ ਅਤੇ ਕਿਸੇ ਨੂੰ ਉਨ੍ਹਾਂ ’ਤੇ ਸ਼ੱਕ ਨਹੀਂ ਹੁੰਦਾ ਸੀ। ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਸੈਕਟਰ 45 ਅਤੇ 46 ਵਿਚ ਮੈਨਹੋਲ ਕਵਰਾਂ ਅਤੇ ਬੈਂਚਾਂ ਦੀਆਂ ਲਗਾਤਾਰ ਹੋ ਰਹੀਆਂ ਚੋਰੀਆਂ ਦਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਸੀ। ਇਸ ਤੋਂ ਬਾਅਦ ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ। ਪੁਲਿਸ ਅਨੁਸਾਰ ਗਸ਼ਤ ਦੌਰਾਨ ਸੈਕਟਰ 46 ਦੇ ਜੰਗਲ ਵਿਚੋਂ ਦੋਵਾਂ ਨੂੰ ਕਾਬੂ ਕੀਤਾ ਗਿਆ। ਮੁੱਢਲੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਲਾਕੇ ਵਿਚੋਂ 8 ਤੋਂ ਵੱਧ ਮੈਨਹੋਲ ਕਵਰ ਗ਼ਾਇਬ ਹੋ ਚੁੱਕੇ ਹਨ। ਪੁਲਿਸ ਵੱਲੋਂ ਇਸ ਮਾਮਲੇ ਵਿਚ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਲੱਖਾਂ ਰੁਪਏ ਵਿਚ ਨਿਲਾਮ ਹੋ ਚੁੱਕੇ ਹਨ ਚੰਡੀਗੜ੍ਹ ਦੇ ਅਜਿਹੇ ਕਵਰ ਇਸ ਮਾਮਲੇ ਦਾ ਹੈਰਾਨੀਜਨਕ ਪਹਿਲੂ ਇਹ ਹੈ ਕਿ ਅੰਤਰਰਾਸ਼ਟਰੀ ਪੱਧਰ ’ਤੇ ਲੱਖਾਂ ਰੁਪਏ ਦੀ ਕੀਮਤ ਰੱਖਣ ਵਾਲੇ ਚੰਡੀਗੜ੍ਹ ਦੇ ਇਨ੍ਹਾਂ ਹੇਰੀਟੇਜ ਮੈਨਹੋਲ ਕਵਰਾਂ ਦੀ ਇਤਿਹਾਸਕ ਅਹਿਮੀਅਤ ਤੋਂ ਮੁਲਜ਼ਮ ਅਣਜਾਣ ਸਨ। ਜਾਣਕਾਰੀ ਅਨੁਸਾਰ ਲੰਡਨ ਦੇ ਸੋਥਬੀ ਅਤੇ ਪੈਰਿਸ ਦੇ ਆਰਟਕਿਊਰੀਅਲ ਵਰਗੇ ਪ੍ਰਸਿੱਧ ਨਿਲਾਮੀ ਘਰਾਂ ਵਿਚ ਚੰਡੀਗੜ੍ਹ ਦੇ ਅਜਿਹੇ ਮੈਨਹੋਲ ਕਵਰ 11 ਤੋਂ 17 ਲੱਖ ਰੁਪਏ ਤੱਕ ਦੀ ਕੀਮਤ ’ਤੇ ਨਿਲਾਮ ਹੋ ਚੁੱਕੇ ਹਨ। ਇਸ ਦੇ ਬਾਵਜੂਦ ਮੁਲਜ਼ਮ ਇਨ੍ਹਾਂ ਨੂੰ ਕਬਾੜ ਵਿਚ ਲੋਹੇ ਦੇ ਭਾਅ ਵੇਚਣ ਦੀ ਤਿਆਰੀ ਕਰ ਰਹੇ ਸਨ। ਪੁਲਿਸ ਅਨੁਸਾਰ ਮੁਲਜ਼ਮ ਸੈਕਟਰ 46 ਦੇ ਜੰਗਲ ਵਿਚ ਗੈਂਤੀ ਦੀ ਮਦਦ ਨਾਲ 75 ਤੋਂ 80 ਕਿਲੋਗ੍ਰਾਮ ਵਜ਼ਨ ਵਾਲੇ ਇਨ੍ਹਾਂ ਢੱਕਣਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਇਸ ਵਿਚ ਸਫ਼ਲ ਨਹੀਂ ਹੋ ਸਕੇ। ਇਹ ਕਵਰ ਸ਼ਹਿਰ ਦੀ ਵਿਰਾਸਤੀ ਪਛਾਣ ਅਤੇ ਇਤਿਹਾਸਕ ਮਹੱਤਤਾ ਨਾਲ ਜੁੜੇ ਹੋਏ ਹਨ, ਇਸ ਲਈ ਇਨ੍ਹਾਂ ਦੀ ਚੋਰੀ ਸਿਰਫ਼ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਨਹੀਂ, ਸਗੋਂ ਸ਼ਹਿਰ ਦੀ ਧਰੋਹਰ ਨੂੰ ਖੋਰਾ ਲਾਉਣ ਦੇ ਬਰਾਬਰ ਹੈ। ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਚੰਡੀਗੜ੍ਹ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੇਰੀਟੇਜ ਮੈਨਹੋਲ ਕਵਰਾਂ ਅਤੇ ਜਨਤਕ ਬੈਂਚਾਂ ਦੀ ਚੋਰੀ ਸ਼ਹਿਰ ਦੀ ਵਿਰਾਸਤ ਅਤੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੰਭੀਰ ਘਟਨਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਦੀ ਮੁੜ ਵਾਪਰੀ ਨੂੰ ਰੋਕਣ ਲਈ ਸੈਕਟਰ 45, 46 ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਵਿਚ ਨਿਯਮਤ ਅਤੇ ਸਖ਼ਤ ਗਸ਼ਤ ਯਕੀਨੀ ਬਣਾਈ ਜਾਵੇ, ਤਾਂ ਜੋ ਸ਼ਹਿਰ ਦੀ ਵਿਰਾਸਤੀ ਸੰਪਤੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ।