ਚੰਡੀਗੜ੍ਹ ’ਚ ਸਵੇਰ ਸ਼ਾਮ ਠੰਢੇ, ਦੁਪਹਿਰ ਗਰਮ
ਚੰਡੀਗੜ੍ਹ, 11 ਨਵੰਬਰ (ਸੁਖਵਿੰਦਰ ਸਿੰਘ ਸ਼ਾਨ) - ਆਧੁਨਿਕ ਸ਼ਹਿਰ ਚੰਡੀਗੜ੍ਹ ਦਾ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਇੱਥੇ ਸਵੇਰ ਅਤੇ ਦੇਰ ਸ਼ਾਮ ਠੰਢ ਦਾ ਪ੍ਰਭਾਵ ਵੱਧਣ ਲੱਗਾ ਹੈ, ਜਦੋਂ ਕਿ ਦੁਪਹਿਰ ਧੁੱਪ ਕਾਰਨ ਗਰਮ ਹੋ ਰਹੀ ਹੈ, ਪਰ ਦੀਵਾਲੀ ਤੋਂ ਬਾਅਦ ਚੰਡੀਗੜ੍ਹ ਦੇ ਕੁੱਝ ਸੈਕਟਰਾਂ ਦੀ ਆਬੋ ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਵੀ ਵੱਧ ਗਈ ਸੀ, ਜਿਸ ਵਿਚ ਸੁਧਾਰ ਹੋਣ ਲੱਗਾ ਹੈ।
ਚੰਡੀਗੜ੍ਹ, 11 ਨਵੰਬਰ (ਸੁਖਵਿੰਦਰ ਸਿੰਘ ਸ਼ਾਨ) - ਆਧੁਨਿਕ ਸ਼ਹਿਰ ਚੰਡੀਗੜ੍ਹ ਦਾ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਇੱਥੇ ਸਵੇਰ ਅਤੇ ਦੇਰ ਸ਼ਾਮ ਠੰਢ ਦਾ ਪ੍ਰਭਾਵ ਵੱਧਣ ਲੱਗਾ ਹੈ, ਜਦੋਂ ਕਿ ਦੁਪਹਿਰ ਧੁੱਪ ਕਾਰਨ ਗਰਮ ਹੋ ਰਹੀ ਹੈ, ਪਰ ਦੀਵਾਲੀ ਤੋਂ ਬਾਅਦ ਚੰਡੀਗੜ੍ਹ ਦੇ ਕੁੱਝ ਸੈਕਟਰਾਂ ਦੀ ਆਬੋ ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਵੀ ਵੱਧ ਗਈ ਸੀ, ਜਿਸ ਵਿਚ ਸੁਧਾਰ ਹੋਣ ਲੱਗਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੀਵਾਲੀ ਤੋਂ ਬਾਅਦ ਚੰਡੀਗੜ੍ਹ ਦੇ ਕੁੱਝ ਸੈਕਟਰਾਂ ਵਿਚ ਪ੍ਰਦੂਸ਼ਣ ਵਧਿਆ ਹੈ, ਜਿਸ ਕਾਰਨ ਆਬੋ ਹਵਾ ਵਿਚ ਸ਼ੁੱਧਤਾ ਦੀ ਕਮੀ ਆਈ ਸੀ। ਸੈਕਟਰ 25 ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ ਪਾਈ ਗਈ ਸੀ ਅਤੇ ਮੰਗਲਵਾਰ ਨੂੰ ਹਵਾ ਗੁਣਵੱਤਾ ਸੂਚਕਾਂਕ 195 ਦਰਜ ਕੀਤਾ ਗਿਆ, ਜੋ ਕਿ ਤਿੰਨ ਨਿਗਰਾਨੀ ਸਟੇਸ਼ਨਾਂ ਵਿਚੋਂ ਸਭ ਤੋਂ ਵੱਧ ਸੀ। ਜਦੋਂ ਕਿ ਸੈਕਟਰ 22 ਵਿਚ ਹਵਾ ਗੁਣਵੱਤਾ ਸੂਚਕਾਂਕ 158 ਦਰਜ ਕੀਤਾ ਗਿਆ ਅਤੇ ਸੈਕਟਰ 53 ਵਿਚ 97 ਦਰਜ ਕੀਤਾ ਗਿਆ। ਸੈਕਟਰ 25 ਅਤੇ ਸੈਕਟਰ 22 ਵਿਚ ਹਵਾ ਗੁਣਵੱਤਾ ਦਰਮਿਆਨੀ ਸ਼੍ਰੇਣੀ ਵਿਚ ਰਹੀ, ਜਦੋਂ ਕਿ ਸੈਕਟਰ 53 ਵਿਚ ਹਵਾ ਗੁਣਵੱਤਾ ਸੰਤੋਸ਼ਜਨਕ ਦਰਜ ਕੀਤੀ ਗਈ। ਅਨੁਮਾਨ ਹੈ ਕਿ ਅਗਲੇ ਪੰਜ ਦਿਨਾਂ ਵਿਚ ਚੰਡੀਗੜ੍ਹ ਦਾ ਮੌਸਮ ਖ਼ੁਸ਼ਕ ਅਤੇ ਸਾਫ਼ ਰਹੇਗਾ, ਪਰ ਰਾਤ ਦੇ ਤਾਪਮਾਨ ਵਿਚ ਕਮੀ ਆਵੇਗੀ। ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਦੌਰਾਨ ਚੰਡੀਗੜ੍ਹ ’ਚ ਦਿਨ ਦਾ ਤਾਪਮਾਨ 30 ਤੋਂ 31 ਡਿਗਰੀ ਅਤੇ ਰਾਤ ਦਾ ਤਾਪਮਾਨ 13 ਤੋਂ 14 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ, ਇਸ ਤਰ੍ਹਾਂ ਦਿਨ ਰਾਤ ਦੇ ਤਾਪਮਾਨ ਵਿਚਕਾਰ 17 ਡਿਗਰੀ ਦਾ ਅੰਤਰ ਰਹੇਗਾ। ਬੁੱਧਵਾਰ ਨੂੰ ਸ਼ਹਿਰ ਵਿਚ ਦਿਨ ਦਾ ਤਾਪਮਾਨ 30.8 ਡਿਗਰੀ ਸੈਲਸੀਅਸ ਰਿਹਾ, ਜੋ ਬੀਤੇ ਕੱਲ੍ਹ ਨਾਲੋਂ 3 ਡਿਗਰੀ ਵੱਧ ਹੈ। ਜਦੋਂ ਕਿ ਮੰਗਲਵਾਰ ਰਾਤ ਦਾ ਤਾਪਮਾਨ 11.7 ਡਿਗਰੀ ਸੈਲਸੀਅਸ ਰਿਹਾ, ਜੋ ਬੀਤੀ ਰਾਤ ਨਾਲੋਂ 2 ਡਿਗਰੀ ਸੈਲਸੀਅਸ ਘੱਟ ਸੀ। 12 ਨਵੰਬਰ ਨੂੰ ਹਲਕੀ ਬੱਦਲਵਾਈ ਹੋ ਸਕਦੀ ਹੈ, ਪਰ ਮੀਂਹ ਪੈਣ ਦੀ ਕੋਈ ਉਮੀਦ ਨਹੀਂ ਹੈ। ਸ਼ਹਿਰ ਵਿਚ 13, 14 ਅਤੇ 15 ਨਵੰਬਰ ਨੂੰ ਮੌਸਮ ਸਾਫ਼ ਰਹੇਗਾ।