06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਇੰਮੀਗ੍ਰੇਸ਼ਨ ਕੰਪਨੀ ਦੇ ਮਾਲਕ ਤੇ ਸਾਥੀਆਂ ਨੇ 5.60 ਲੱਖ ਰੁ. ਠੱਗੇ

ਐੱਸ. ਏ.

Ad Position 21
No active advertisement
ਅਜੀਤ ਡੈਸਕ 07-11-2026
ਐੱਸ. ਏ. ਐੱਸ. ਨਗਰ, 6 ਨਵੰਬਰ (ਕਪਿਲ ਵਧਵਾ)-ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾਉਣ ਤੇ ਉਥੇ ਭੇਜਣ ਦਾ ਝਾਂਸਾ ਦੇ ਕੇ 5.60 ਲੱਖ ਰੁ. ਦੀ ਕਥਿਤ ਠੱਗੀ ਮਾਰਨ ਦੇ ਦੋਸ਼ ਹੇਠ ਮੁਹਾਲੀ ਸਥਿਤ ਇੰਮੀਗ੍ਰੇਸ਼ਨ ਕੰਪਨੀ ਫਲਾਈ ਵੀਜ਼ਾ ਰੂਟਸ ਦੇ ਮਾਲਕ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਥਾਣਾ ਐੱਨ. ਆਰ. ਆਈ. ਮੁਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ, ਰੋਬਿਨ ਸ਼ਰਮਾ ਤੇ ਦਮਨਪ੍ਰੀਤ ਸਿੰਘ ਵਜੋਂ ਹੋਈ ਹੈ। ਸ਼ਿਕਾਇਤਕਰਤਾ ਵਲੋਂ ਕੰਪਨੀ ਦਾ ਦਫ਼ਤਰ ਮੁਹਾਲੀ ਦੇ ਸੈਕਟਰ-91 ਵਿਖੇ ਸਥਿਤ ਦੱਸਿਆ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਲਵਪ੍ਰੀਤ ਸਿੰਘ ਵਾਸੀ ਪਿੰਡ ਮੰਡੌਲੀ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਨੇ ਦੱਸਿਆ ਕਿ ਉਸ ਨੇ ਕੈਨੇਡਾ ਦੇ ਸ਼ਹਿਰ ਥੌਰਨ ਜਾਣ ਲਈ ਵਿਜ਼ਟਰ ਵੀਜ਼ਾ ਲਗਵਾਉਣਾ ਸੀ। ਇਸ ਸੰਬੰਧੀ ਉਸ ਨੇ 3 ਅਪ੍ਰੈਲ 2026 ਨੂੰ ਉਕਤ ਇੰਮੀਗ੍ਰੇਸ਼ਨ ਕੰਪਨੀ ਨਾਲ ਸੰਪਰਕ ਕੀਤਾ ਸੀ, ਜਿਥੇ ਕਿ ਉਸ ਦਾ ਕੰਮ 7 ਲੱਖ ਰੁ. ‘ਚ ਕਰਨ ਦੀ ਗੱਲ ਤੈਅ ਹੋਈ ਸੀ। ਕੰਪਨੀ ਵਲੋਂ ਪੂਰੀ ਰਕਮ ਕੰਮ ਹੋਣ ਤੋਂ ਬਾਅਦ ਲੈਣ ਦੀ ਗੱਲ ਆਖੀ ਗਈ ਸੀ। ਸ਼ਿਕਾਇਤਕਰਤਾ ਅਨੁਸਾਰ 10 ਅਪ੍ਰੈਲ ਨੂੰ ਉਸ ਕੋਲੋਂ ਚੈੱਕ ਰਾਹੀਂ 1 ਲੱਖ ਰੁ. ਟਿਕਟ ਦੀ ਅਦਾਇਗੀ ਵਜੋਂ ਲਏ ਗਏ ਸਨ। ਬਾਅਦ ਵਿਚ ਕੰਪਨੀ ਦੇ ਕਰਮਚਾਰੀਆਂ ਨੇ ਉਸ ਨੂੰ ਆਪਣੀ ਟਿਕਟ ਖ਼ੁਦ ਬੁੱਕ ਕਰਵਾਉਣ ਲਈ ਆਖ ਦਿੱਤਾ ਅਤੇ 1 ਲੱਖ ਰੁ. ਅਗਲੀ ਫ਼ੀਸ ‘ਚ ਐਡਜਸਟ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ 17 ਮਈ ਨੂੰ ਬੀਮਾ ਤੇ ਕੈਨੇਡਾ ਜਾਣ ਲਈ ਲੋੜੀਂਦੇ ਹੋਰ ਦਸਤਾਵੇਜ਼ ਤਿਆਰ ਕਰਵਾਉਣ ਦੇ ਨਾਂਅ ‘ਤੇ ਉਸ ਕੋਲੋਂ 2 ਲੱਖ ਰੁ. ਨਕਦ ਲਏ ਗਏ। ਸ਼ਿਕਾਇਤਕਰਤਾ ਨੇ ਇਹ ਰਕਮ ਸੀ. ਪੀ. ਮਾਲ ਵਿਖੇ ਆਪਣੇ ਇਕ ਦੋਸਤ ਦੀ ਮੌਜੂਦਗੀ ‘ਚ ਦੇਣ ਦਾ ਦਾਅਵਾ ਕੀਤਾ ਹੈ। ਉਸ ਨੇ ਦੱਸਿਆ ਕਿ ਕੰਪਨੀ ਦੇ ਕਹਿਣ ‘ਤੇ ਉਸ ਨੇ 2.63 ਲੱਖ ਰੁ. ਦੀ ਹਵਾਈ ਟਿਕਟ ਵੀ ਬੁੱਕ ਕਰਵਾਈ ਸੀ, ਜਿਸ ਦੇ ਰਿਫੰਡ ਜਾਂ ਟਿਕਟ ‘ਚ ਤਬਦੀਲੀ ਦੀ ਜ਼ਿੰਮੇਵਾਰੀ ਵੀ ਕੰਪਨੀ ਨੇ ਲਈ ਸੀ। ਇਸ ਤਰ੍ਹਾਂ ਉਸ ਦੇ ਕੁੱਲ 5.60 ਲੱਖ ਰੁ. ਖ਼ਰਚ ਹੋ ਗਏ। ਉਸ ਦੀ 25 ਮਈ ਨੂੰ ਕੈਨੇਡਾ ਲਈ ਉਡਾਣ ਸੀ, ਪਰ ਇਸ ਤੋਂ ਪਹਿਲਾਂ ਨਾ ਤਾਂ ਉਸ ਦਾ ਵੀਜ਼ਾ ਲੱਗਿਆ ਅਤੇ ਨਾ ਹੀ ਉਸ ਨੂੰ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਏ ਗਏ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਕੰਪਨੀ ਦੇ ਨੁਮਾਇੰਦਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ ਤੇ ਉਸ ਦਾ ਨੰਬਰ ਵੀ ਬਲਾਕ ਕਰ ਦਿੱਤਾ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਦੂਜੇ ਨੰਬਰ ਤੋਂ ਸੰਪਰਕ ਕਰਨ ‘ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਹਰਜਿੰਦਰ ਸਿੰਘ, ਰੋਬਿਨ ਸ਼ਰਮਾ ਤੇ ਦਮਨਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਭਾਈ ਨੰਦ ਲਾਲ ਸਕੂਲ ਮੋਰਿੰਡਾ ਵਲੋਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਸੰਬੰਧੀ ਕੱਢੀ ਰੈਲੀ ਅਗਲੀ ਖ਼ਬਰ ਖ਼ੂਨਦਾਨ ਮੁਹਿੰਮਾਂ ਨੂੰ ਹੋਰ ਵਿਆਪਕ ਬਣਾਉਣ ਲਈ ਪੰਜਾਬ ਦੇ ਰਾਜਪਾਲ ਕਟਾਰੀਆ ਨੇ ਸਰਬਪ੍ਰੀਤ ਸਿੰਘ ਨੂੰ ਕੀਤਾ ਉਤਸ਼ਾਹਿਤ
Ad Position 24