ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਡਾ. ਹਰਵਿੰਦਰ ਸਿੰਘ ਭੱਟੀ ਦੀ ਪੁਸਤਕ ‘ਚੁਰਾਸੀਨਾਮਾ’ ਲੋਕ ਅਰਪਣ
ਚੰਡੀਗੜ੍ਹ, 4 ਨਵੰਬਰ ( ਅਜਾਇਬ ਸਿੰਘ ਔਜਲਾ)- ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ. ਹਰਵਿੰਦਰ ਸਿੰਘ ਭੱਟੀ ਦੁਆਰਾ ਰਚਿਤ ਪੁਸਤਕ ‘ਚੁਰਾਸੀਨਾਮਾ’ ਨੂੰ ਲੋਕ ਅਰਪਣ ਕੀਤਾ ਗਿਆ।
ਚੰਡੀਗੜ੍ਹ, 4 ਨਵੰਬਰ ( ਅਜਾਇਬ ਸਿੰਘ ਔਜਲਾ)- ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ. ਹਰਵਿੰਦਰ ਸਿੰਘ ਭੱਟੀ ਦੁਆਰਾ ਰਚਿਤ ਪੁਸਤਕ ‘ਚੁਰਾਸੀਨਾਮਾ’ ਨੂੰ ਲੋਕ ਅਰਪਣ ਕੀਤਾ ਗਿਆ। ਇਹ ਰਸਮਾਂ ਪੁਸਤਕ ਦੇ ਲੇਖਕ ਦੇ ਨਾਲ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਰਣਜੀਤ ਸਿੰਘ, ਪੰਜਾਬ ਦੇ ਸਾਬਕਾ ਮੁੱਖ ਸਕੱਤਰ ਰਮੇਸ਼ ਇੰਦਰ ਸਿੰਘ (ਆਰ.ਆਈ ਸਿੰਘ), ਪੰਜਾਬ ਦੇ ਸਾਬਕਾ ਡੀ.ਜੀ.ਪੀ ਐਸ.ਐਸ ਵਿਰਕ ,ਪ੍ਰਸਿੱਧ ਸਹਿਤਕਾਰ ਪ੍ਰੋ. ਗੁਰਭਜਨ ਸਿੰਘ ਗਿੱਲ, ਗੁਰਭੇਜ ਸਿੰਘ ਗੁਰਾਇਆ, ਜਗਤਾਰ ਸਿੰਘ ਭੁੱਲਰ, ਦਲਜੀਤ ਸਿੰਘ ਸ਼ਾਹੀ, ਦਵਿੰਦਰ ਪਾਲ ਵੱਲੋਂ ਅਦਾ ਕੀਤੀਆਂ ਗਈਆਂ। ਸਮਾਰੋਹ ਦੇ ਸ਼ੁਰੂ ਵਿਚ ਨਾਮਵਰ ਲੇਖਕ ਜਗਤਾਰ ਸਿੰਘ ਭੁੱਲਰ ਨੇ ਬੋਲਦਿਆਂ ਕਿਹਾ ਕਿ ਪੰਜਾਬ ਨੇ ਨਾ ਤਾਂ ਸੰਤਾਲੀ ਮੰਗੀ ਸੀ ਅਤੇ ਨਾ ਹੀ ਚੁਰਾਸੀ, ਪਰ ਸਿਆਸਤ ਦੀ ਭੁੱਖ ਕਾਰਨ ਸੰਤਾਲੀ ਅਤੇ ਚੁਰਾਸੀ ਨਾਲ ਪੰਜਾਬ ਦੀ ਧਰਤੀ ਲਹੂ ਲੁਹਾਨ ਹੋਈ। ਉਨਾ ਕਿਹਾ ਕਿ 47 ਤੋਂ 84 ਤੱਕ ਪੰਜਾਬ ਨੂੰ ਲੁੱਟਣ ,ਕੁੱਟਣ ਅਤੇ ਮਾਰਨ ਵਾਲੇ ਕੌਣ ਸਨ , ਅੱਜ ਤੱਕ ਵੀ ਪਛਤਾਵੇ ਦੀ ਬਜਾਏ ਨਿਰੋਲ ਰੂਪ ਵਿੱਚ ਸਿਆਸਤ ਹੋ ਰਹੀ ਹੈ। ਪੰਜਾਬ ਨੂੰ ਇਨਸਾਫ ਨਹੀਂ ਮਿਲਿਆ। ਇਸ ਮੌਕੇ ’ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ 84 ਦੇ 10 ਨਵੰਬਰ ਦੇ ਨੇੜੇ ਦੀ ਗੱਲ ਕਰਦਿਆਂ ਕਿਹਾ ਕਿ ਜਦੋਂ ਟਰੇਨਾਂ, ਬੱਸਾਂ, ਤੇ ਆਪਣੇ ਵਹੀਕਲਜ਼ ਰਾਹੀਂ ਦਿੱਲੀ ,ਕਾਨਪੁਰ ਨੂੰ ਛੱਡ ਕੇ ਲੁਧਿਆਣਾ ਨੂੰ ਸੇਫ ਸਮਝਦੇ ਹੋਏ ਲੋਕੀ ਪੁੱਜੇ ਸਨ ਤਾਂ ਉਸ ਸਮੇਂ ਲੋਕਾਂ ਦੇ ਦੁੱਖ- ਤਕਲੀਫਾਂ ਅਤੇ ਉਨਾਂ ਵੱਲੋਂ ਹਡਾਈ ਪੀੜ ਨੂੰ ਸੁਣਨਾ ਤੇ ਵੇਖਣਾ ਔਖੇ ਪਲ ਸਨ। ਇਸੇ ਦੌਰਾਨ ਪ੍ਰੋ. ਗੁਰਭਜਨ ਗਿੱਲ ਵਲੋਂ ਅਜਾਇਬ ਘਰ ਵਿੱਚ ਮਰਹੂਮ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਨਾ ਲਾਉਣ ’ਤੇ ਵੀ ਸਵਾਲ ਖੜੇ ਕੀਤੇ। ਕਿਤਾਬ ਦੇ ਲੇਖਕ ਪ੍ਰੋ. ਹਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਇਨਸਾਨ ਕਦੋਂ ਸ਼ੈਤਾਨ ਬਣਦਾ ਹੈ ਪਤਾ ਵੀ ਨਹੀਂ ਲੱਗਦਾ। ਦਿੱਲੀ ਵਿਖੇ ਜਿਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਉਹ ਹੀ ਬਾਅਦ ਵਿੱਚ ਬਚੇ ਸਿੱਖਾਂ ਨੂੰ ਹੌਸਲਾ ਦੇਣ ਆ ਗਏ। ਗੁਰਭੇਜ ਗੁਰਾਇਆ ਨੇ ਦੱਸਿਆ ਕਿ ਡਾ. ਹਰਵਿੰਦਰ ਸਿੰਘ ਭੱਟੀ ਸਮਾਜ ਵਿਗਿਆਨ ਦੇ ਪ੍ਰੋਫੈਸਰ ਦੇ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੇਵਾ ਮੁਕਤ ਹੋਏ ਜਿੱਥੇ ਉਹਨਾਂ ਲਗਭਗ 35 ਸਾਲ ਅਧਿਆਪਨ ਖੋਜ ਪ੍ਰਸ਼ਾਸਨ ਨਾਲ ਸੰਬੰਧਿਤ ਜਿੰਮੇਵਾਰੀਆਂ ਨਿਭਾਈਆਂ। ਇਸ ਮੌਕੇ ’ਤੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਰਮੇਸ਼ ਇੰਦਰ ਸਿੰਘ , ਸੁਸੀਲ ਦੋਸਾਂਝ, ਅਦਾਕਾਰ ਗਿਰਜਾ ਸ਼ੰਕਰ, ਦਲਜੀਤ ਸਿੰਘ ਸ਼ਾਹੀ, ਗੁਰਿੰਦਰ ਗਿੱਲ ਅਮਰੀਕਾ ਨੇ ਵੀ ਪੁਸਤਕ ਬਾਰੇ ਤੇ ਉਸ ਸਮੇਂ ਦੇ ਦੁਖਾਂਤ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਹ ਸਮਾਰੋਹ ਵਿਚ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਬਲਜੀਤ ਬੱਲੀ, ਹਰਪ੍ਰੀਤ ਸਿੱਧੂ, ਰਤਨ ਬਰਾੜ, ਸਰਬਜੀਤ ਸੋਹਲ, ਕਮਲ ਦੁਸਾਂਝ, ਜੀ. ਲਹਿਲ, ਹਰਬੰਸ ਸੋਢੀ, ਜੋਰਾ ਸਿੰਘ, ਦਵਿੰਦਰ ਦਵੀ ਆਦਿ ਸ਼ਖਸ਼ੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਸਮਾਰੋਹ ਦਾ ਸੰਚਾਲਨ ਗੁਰਭੇਜ ਸਿੰਘ ਗੁਰਾਇਆ (ਦਿੱਲੀ) ਵਲੋਂ ਬਾਖੂਬੀ ਕੀਤਾ।