ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ਡਾ. ਨਰਿੰਦਰ ਸਿੰਘ ਕਪਾਨੀ ਦੇ 100ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇਕ ਕਰਵਾਇਆ ਸੈਮੀਨਾਰ
ਚੰਡੀਗੜ੍ਹ, 30 ਅਕਤੂਬਰ (ਪ੍ਰੋ. ਅਵਤਾਰ ਸਿੰਘ) - ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਚੰਡੀਗੜ੍ਹ ਵਿਖੇ ਡਾ.
ਚੰਡੀਗੜ੍ਹ, 30 ਅਕਤੂਬਰ (ਪ੍ਰੋ. ਅਵਤਾਰ ਸਿੰਘ) - ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਚੰਡੀਗੜ੍ਹ ਵਿਖੇ ਡਾ. ਨਰਿੰਦਰ ਸਿੰਘ ਕਪਾਨੀ (1926–2020)—ਜਿਨ੍ਹਾਂ ਨੂੰ ਵਿਆਪਕ ਤੌਰ ’ਤੇ ‘ਫਾਈਬਰ ਆਪਟਿਕਸ ਦੇ ਪਿਤਾਮਾ’ ਵਜੋਂ ਜਾਣਿਆ ਜਾਂਦਾ ਹੈ, ਦੇ 100ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ ‘ਫਾਈਬਰ ਆਪਟਿਕਸ ਅਤੇ ਫਾਈਬਰਸਕੋਪ ਦੇ ਪਿਤਾਮਾ’ ਸਿਰਲੇਖ ਹੇਠ ਇਕ ਸੈਮੀਨਾਰ ਕਰਵਾਇਆ ਗਿਆ। ਇਹ ਸਮਾਗਮ ਕਾਲਜ ਦੇ ਪੋਸਟ ਗ੍ਰੈਜੂਏਟ ਭੌਤਿਕ ਵਿਗਿਆਨ ਵਿਭਾਗ, ਪ੍ਰੋ. ਪੂਰਨ ਸਿੰਘ ਸਾਇੰਸ ਸੁਸਾਇਟੀ ਅਤੇ ਇੰਟਰਨਲ ਕੁਆਲਟੀ ਅਸ਼ੌਰੈਂਸ ਸੈੱਲ (ਆਈ.ਕਿਉ.ਏ.ਸੀ.) ਦੁਆਰਾ ਉਲੀਕਿਆ ਗਿਆ ਸੀ। ਪੰਜਾਬ ਦੇ ਗ੍ਰਹਿ ਵਿਭਾਗ ਦੇ ਵਿਸ਼ੇਸ਼ ਸਕੱਤਰ, ਡਾ . ਪਰਮਿੰਦਰ ਪਾਲ ਸਿੰਘ ਸੰਧੂ (ਆਈ.ਏ.ਐੱਸ.) ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਚੰਡੀਗੜ੍ਹ ਸਥਿਤ ਸੀ.ਐੱਸ.ਆਈ.ਆਰ-ਸੀ.ਐੱਸ.ਆਈ.ਓ. ਦੇ ਓ.ਪੀ.ਆਈ. ਡਿਵੀਜ਼ਨ ਤੋਂ ਮੁੱਖ ਵਿਗਿਆਨੀ ਅਤੇ ਪ੍ਰੋਫੈਸਰ, ਡਾ. ਸਮੀਰ ਕੁਮਾਰ ਮੰਡਲ, ਇਸ ਮੌਕੇ ਬੁਲਾਰੇ ਵਜੋਂ ਸ਼ਾਮਲ ਹੋਏ। ਸੈਮੀਨਾਰ ਦੌਰਾਨ ਆਪਟੀਕਲ ਵਿਗਿਆਨ ਵਿਚ ਡਾ. ਕਪਾਨੀ ਦੇ ਮੋਹਰੀ ਯੋਗਦਾਨ ਅਤੇ ਫਾਈਬਰ-ਆਪਟਿਕ ਤਕਨਾਲੋਜੀ ਦੇ ਵਿਕਾਸ ਵਿਚ ਉਨ੍ਹਾਂ ਦੀ ਅਮਿੱਟ ਵਿਰਾਸਤ ’ਤੇ ਚਾਨਣਾ ਪਾਇਆ ਗਿਆ। ਯਾਦਗਾਰੀ ਗਤੀਵਿਧੀਆਂ ਦੇ ਹਿੱਸੇ ਵਜੋਂ, ਵਿਗਿਆਨਕ ਉਤਸੁਕਤਾ, ਰਚਨਾਤਮਕਤਾ ਅਤੇ ਆਪਟੀਕਲ ਵਿਗਿਆਨ ਵਿਚ ਹੋਈ ਤਰੱਕੀ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਇਕ ਕਵਿਜ਼ ਅਤੇ ਪੋਸਟਰ ਬਣਾਉਣ ਦਾ ਮੁਕਾਬਲਾ ਸ਼ਾਮਿਲ ਸੀ। ਮੁਕਾਬਲਿਆਂ ਦੇ ਜੇਤੂਆਂ ਨੂੰ ਟਰਾਫ਼ੀਆਂ ਅਤੇ ਨਕਦ ਇਨਾਮ ਦਿੱਤੇ ਗਏ। ਜੇਤੂਆਂ ਲਈ ਟਰਾਫ਼ੀਆਂ ‘ਜੁਗਰਾਜ ਸਿੰਘ ਗਿੱਲ ਚੈਰੀਟੇਬਲ ਟਰੱਸਟ, ਚੰਡੀਗੜ੍ਹ’ ਦੁਆਰਾ ਸਪਾਂਸਰ ਕੀਤੀਆਂ ਗਈਆਂ ਸਨ। ਵੱਖ-ਵੱਖ ਵਿਗਿਆਨ ਵਿਭਾਗਾਂ ਦੇ ਲਗਭਗ 100 ਵਿਦਿਆਰਥੀਆਂ ਨੇ ਇਸ ਸਮਾਗਮ ਵਿਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਹ ਸੈਮੀਨਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ‘ਫਾਈਬਰ ਆਪਟਿਕਸ’ ਦੇ ਵਿਗਿਆਨਕ ਸਿਧਾਂਤਾਂ ਅਤੇ ਤਕਨੀਕੀ ਉਪਯੋਗਾਂ ਬਾਰੇ ਜਾਣਨ ਅਤੇ ਸਮਝਣ ਲਈ ਇਕ ਵਧੀਆ ਮੰਚ ਸਾਬਤ ਹੋਇਆ। ਕਾਲਜ ਦੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਦੇ ਨਾਲ-ਨਾਲ, ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਸੰਯੁਕਤ ਸਕੱਤਰ ਐਡਵੋਕੇਟ ਕਰਨਦੀਪ ਸਿੰਘ ਚੀਮਾ, ਲੈਫਟੀਨੈਂਟ ਕਰਨਲ (ਸੇਵਾਮੁਕਤ) ਜਗਤਾਰ ਸਿੰਘ ਮੁਲਤਾਨੀ, ਅਤੇ ਚੰਡੀਗੜ੍ਹ ਦੇ ਜੁਗਰਾਜ ਸਿੰਘ ਗਿੱਲ ਚੈਰੀਟੇਬਲ ਟਰੱਸਟ ਤੋਂ ਸ਼ੇਰ ਜਗਜੀਤ ਸਿੰਘ ਨੇ ਇਸ ਸਮਾਗਮ ਵਿਚ ਸ਼ਿਰਕਤ ਕਰਕੇ ਇਸ ਦੀ ਸ਼ੋਭਾ ਵਧਾਈ। ਡਾ. ਸਿੰਘ ਨੇ ਪੋਸਟ ਗ੍ਰੈਜੂਏਟ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਰਨਬੀਰ ਸਿੰਘ ਅਤੇ ਸਮੂਹ ਫੈਕਲਟੀ ਮੈਂਬਰਾਂ, ਪ੍ਰੋ. ਪੂਰਨ ਸਿੰਘ ਸਾਇੰਸ ਸੁਸਾਇਟੀ ਦੀ ਕੋਆਰਡੀਨੇਟਰ ਡਾ. ਰੁਚਿਰਾ ਸੇਨ ਅਤੇ ਆਈ.ਕਿਉ.ਏ.ਸੀ. ਦੇ ਕੋਆਰਡੀਨੇਟਰ ਡਾ. ਕੁਲਜੀਤ ਚੱਕਲ ਦੁਆਰਾ ਇਸ ਸਮਾਗਮ ਦੇ ਸੁਚਾਰੂ ਅਤੇ ਸਫਲਤਾ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।