ਕਰਵਾ ਚੌਥ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਲਈ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਲੋਂ ਵਿਸ਼ੇਸ਼ ਉਪਰਾਲਾ
ਚੰਡੀਗੜ੍ਹ, 29 ਅਕਤੂਬਰ (ਸੰਦੀਪ ਕੁਮਾਰ ਮਾਹਨਾ) – ਕਰਵਾ ਚੌਥ ਦੇ ਤਿਉਹਾਰ ਮੌਕੇ ਵਾਰਡ ਨੰਬਰ-34 ਵਿਚ ਖ਼ੁਸ਼ੀਆਂ ਦਾ ਮਾਹੌਲ ਦੇਖਣ ਨੂੰ ਮਿਲਿਆ। ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਲੋਂ ਸੈਕਟਰ-45 ਅਤੇ 46 ’ਚ ਔਰਤਾਂ ਤੇ ਮੁਟਿਆਰਾਂ ਲਈ ਮੁਫ਼ਤ ਮਹਿੰਦੀ ਲਗਾਉਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ।
ਚੰਡੀਗੜ੍ਹ, 29 ਅਕਤੂਬਰ (ਸੰਦੀਪ ਕੁਮਾਰ ਮਾਹਨਾ) – ਕਰਵਾ ਚੌਥ ਦੇ ਤਿਉਹਾਰ ਮੌਕੇ ਵਾਰਡ ਨੰਬਰ-34 ਵਿਚ ਖ਼ੁਸ਼ੀਆਂ ਦਾ ਮਾਹੌਲ ਦੇਖਣ ਨੂੰ ਮਿਲਿਆ। ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਲੋਂ ਸੈਕਟਰ-45 ਅਤੇ 46 ’ਚ ਔਰਤਾਂ ਤੇ ਮੁਟਿਆਰਾਂ ਲਈ ਮੁਫ਼ਤ ਮਹਿੰਦੀ ਲਗਾਉਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਨ੍ਹਾਂ ਸਟਾਲਾਂ ’ਤੇ ਲਗਭਗ 300 ਔਰਤਾਂ ਨੇ ਮਹਿੰਦੀ ਲਗਵਾਈ, ਜਦਕਿ 100 ਤੋਂ ਵੱਧ ਸੁਹਾਗਣਾਂ ਨੂੰ ਪੂਜਾ ਦੀਆਂ ਥਾਲ਼ੀਆਂ ਵੰਡੀਆਂ ਗਈਆਂ। ਸ਼ਾਮ ਨੂੰ ਕਰਵਾ ਚੌਥ ਦੀ ਕਥਾ ਲਈ ਵੀ ਵਿਸ਼ੇਸ਼ ਤੌਰ ’ਤੇ ਇੰਤਜ਼ਾਮ ਕੀਤਾ ਗਿਆ, ਜਿਸ ’ਚ ਵੱਡੀ ਗਿਣਤੀ ਵਿਚ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਔਰਤਾਂ ਅਤੇ ਮੁਟਿਆਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਕ-ਦੂਜੀ ਨਾਲ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਕਰਵਾ ਚੌਥ ਦੀ ਕਥਾ ਦੌਰਾਨ ਔਰਤਾਂ ਨੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਪੂਜਾ ਕੀਤੀ ਅਤੇ ਇਕ-ਦੂਜੀ ਨੂੰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਇਸ ਉਪਰਾਲੇ ਰਾਹੀਂ ਵਾਰਡ ਵਾਸੀਆਂ ਨੂੰ ਇਕੱਠੇ ਹੋ ਕੇ ਤਿਉਹਾਰ ਮਨਾਉਣ ਦਾ ਮੌਕਾ ਮਿਲਿਆ। ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਸਮੂਹ ਔਰਤਾਂ ਨੂੰ ਕਰਵਾ ਚੌਥ ਦੀਆਂ ਮੁਬਾਰਕਾਂ ਦਿੰਦਿਆਂ ਸੁਹਾਗਣਾਂ ਦੇ ਸੁਖੀ ਵਿਆਹੁਤਾ ਜੀਵਨ ਅਤੇ ਉਨ੍ਹਾਂ ਦੇ ਪਤੀਆਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਕਰਵਾ ਚੌਥ ਭਾਰਤੀ ਸੱਭਿਆਚਾਰ ਅਤੇ ਰਵਾਇਤਾਂ ਨਾਲ ਜੁੜਿਆ ਮਹੱਤਵਪੂਰਨ ਤਿਉਹਾਰ ਹੈ, ਜੋ ਪਤੀ-ਪਤਨੀ ਵਿਚਕਾਰ ਪਿਆਰ, ਵਿਸ਼ਵਾਸ, ਸਮਰਪਣ ਅਤੇ ਆਪਸੀ ਰਿਸ਼ਤਿਆਂ ਦੀ ਮਜ਼ਬੂਤੀ ਦਾ ਪ੍ਰਤੀਕ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਅਤੇ ਪਰਿਵਾਰ ਦੀ ਸੁੱਖ-ਸਮ੍ਰਿੱਧੀ ਲਈ ਵਰਤ ਰੱਖਦੀਆਂ ਹਨ ਅਤੇ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕਰਦੀਆਂ ਹਨ। ਕੌਂਸਲਰ ਗਾਬੀ ਨੇ ਕਿਹਾ ਕਿ ਤਿਉਹਾਰਾਂ ਮੌਕੇ ਅਜਿਹੇ ਸਮਾਗਮ ਕਰਵਾਉਣ ਦਾ ਮਕਸਦ ਲੋਕਾਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਨਾ ਅਤੇ ਸਮਾਜ ’ਚ ਆਪਸੀ ਭਾਈਚਾਰੇ ਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਵਾਰਡ ਦੀਆਂ ਔਰਤਾਂ ਅਤੇ ਮੁਟਿਆਰਾਂ ਲਈ ਅਜਿਹੇ ਉਪਰਾਲੇ ਕਰਨਾ ਉਨ੍ਹਾਂ ਲਈ ਖ਼ੁਸ਼ੀ ਦੀ ਗੱਲ ਹੈ। ਇਸ ਦੌਰਾਨ ਵਾਰਡ ਦੀਆਂ ਔਰਤਾਂ ਨੇ ਮੁਫ਼ਤ ਮਹਿੰਦੀ ਲਗਾਉਣ, ਸੁਹਾਗਣਾਂ ਨੂੰ ਪੂਜਾ ਦੀਆਂ ਥਾਲ਼ੀਆਂ ਵੰਡਣ ਅਤੇ ਕਰਵਾ ਚੌਥ ਦੀ ਕਥਾ ਦੇ ਪ੍ਰਬੰਧ ਲਈ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਤਿਉਹਾਰਾਂ ਦੀਆਂ ਰੌਣਕਾਂ ਵਧਾਉਣ ਦੇ ਨਾਲ - ਨਾਲ ਸਮਾਜਿਕ ਸਾਂਝ ਨੂੰ ਵੀ ਮਜ਼ਬੂਤ ਕਰਦੇ ਹਨ।