ਖਰੜ ਦੇ ਅੱਜ ਸਰੋਵਰ ਲਈ 94 ਕਰੋੜ ਰੁ. ਦੀ ਗ੍ਰਾਂਟ ਮਿਲਣ ਉਪਰੰਤ ਸੰਸਦ ਮੈਂਬਰ ਸੰਧੂ ਸ੍ਰੀ ਰਾਮ ਮੰਦਰ ਵਿਖੇ ਹੋਏ ਨਤਮਸਤਕ
ਖਰੜ, 2 ਅਕਤੂਬਰ (ਜੰਡਪੁਰੀ)-ਕੇਂਦਰ ਸਰਕਾਰ ਵਲੋਂ ਖਰੜ ਸਥਿਤ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਦਾਦਾ ਜੀ ਨਾਲ ਸੰਬੰਧਿਤ ਮਹਾਰਾਜਾ ਅੱਜ ਸਰੋਵਰ ਦੇ ਵਿਕਾਸ ਲਈ 94 ਕਰੋੜ ਰੁ. ਦੀ ਗ੍ਰਾਂਟ ਮਨਜੂਰ ਕੀਤੇ ਜਾਣ ਉਪਰੰਤ ਅੱਜ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਸਥਾਨਕ ਸ੍ਰੀ ਰਾਮ ਮੰਦਰ ਵਿਖੇ ਨਤਮਸਤਕ ਹੋਏ।
ਖਰੜ, 2 ਅਕਤੂਬਰ (ਜੰਡਪੁਰੀ)-ਕੇਂਦਰ ਸਰਕਾਰ ਵਲੋਂ ਖਰੜ ਸਥਿਤ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਦਾਦਾ ਜੀ ਨਾਲ ਸੰਬੰਧਿਤ ਮਹਾਰਾਜਾ ਅੱਜ ਸਰੋਵਰ ਦੇ ਵਿਕਾਸ ਲਈ 94 ਕਰੋੜ ਰੁ. ਦੀ ਗ੍ਰਾਂਟ ਮਨਜੂਰ ਕੀਤੇ ਜਾਣ ਉਪਰੰਤ ਅੱਜ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਸਥਾਨਕ ਸ੍ਰੀ ਰਾਮ ਮੰਦਰ ਵਿਖੇ ਨਤਮਸਤਕ ਹੋਏ। ਇਸ ਮੌਕੇ ਇਕੱਤਰ ਹੋਏ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਸੰਧੂ ਨੇ ਕਿਹਾ ਕਿ ਇਹ ਗ੍ਰਾਂਟ ਪ੍ਰਭੂ ਸ੍ਰੀ ਰਾਮ ਜੀ ਦੀ ਕ੍ਰਿਪਾ ਨਾਲ ਹੀ ਮਿਲੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਹਿਮਤੀ ਨਾਲ ਹੀ ਇਹ ਗ੍ਰਾਂਟ ਜਾਰੀ ਹੋਈ ਹੈ। ਉਨ੍ਹਾਂ ਦੇਸ਼ ਦੇ ਸੈਰ-ਸਪਾਟਾ ਵਿਭਾਗ ਦੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਜਿਨ੍ਹਾਂ ਨੂੰ ਸੰਧੂ ਕੁਝ ਦਿਨ ਪਹਿਲਾਂ ਇਸ ਗ੍ਰਾਂਟ ਲਈ ਮਿਲੇ ਸਨ, ਦਾ ਵੀ ਉਚੇਚੇ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਨਾਲ ਸਰਵੋਰ ਅਤੇ ਮੰਦਰ ਦਾ ਜੋ ਵਿਕਾਸ ਹੋਵੇਗਾ, ਉਹ ਇਕ ਪੜਾਅ ਹੈ, ਮੰਜ਼ਿਲ ਨਹੀਂ। ਉਨ੍ਹਾਂ ਕਿਹਾ ਕਿ ਇਹ ਗ੍ਰਾਂਟ ਇਸ ਲਈ ਪ੍ਰਾਪਤ ਹੋਈ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਵਿਰਾਸਤ ਅਤੇ ਸੰਸਕ੍ਰਿਤੀ ਨੂੰ ਸੰਭਾਲਣ ਲਈ ਇਕ ਠੋਸ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਨਾਲ ਅਸੀਂ ਨਾ ਕੇਵਲ ਆਪਣੀ ਵਿਰਾਸਤ ਨੂੰ ਸੰਭਾਲਾਂਗੇ, ਬਲਕਿ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡ ਕੇ ਜਾਵਾਂਗੇ ਤਾਂ ਕਿ ਉਹ ਇਸ ਵਿਰਾਸਤ ਤੋਂ ਸਿੱਖਿਆ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਨਾਲ ਖਰੜ ਦੀ ਪਛਾਣ ਨਾ ਕੇਵਲ ਸਾਰੇ ਭਾਰਤ ‘ਚ, ਬਲਕਿ ਵਿਦੇਸ਼ਾਂ ‘ਚ ਵੀ ਹੋਵੇਗੀ। ਉਨ੍ਹਾਂ ਖਰੜ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਵਿਉਂਤਬੰਦੀ ਨਾਲ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਯੋਜਨਾ ਬਣਾਈਏ। ਇਸ ਮੌਕੇ ਸ੍ਰੀ ਰਾਮ ਮੰਦਰ ਅੱਜ ਸਰੋਵਰ ਵਿਕਾਸ ਸਮਿਤੀ ਤੇ ਸ਼ਹਿਰ ਵਾਸੀਆਂ ਨੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦਾ ਸਨਮਾਨ ਕਰਦਿਆਂ ਭਵਿੱਖ ‘ਚ ਵੀ ਉਨ੍ਹਾਂ ਤੋਂ ਪੂਰਨ ਸਹਿਯੋਗ ਦੀ ਆਸ ਪ੍ਰਗਟਾਈ।