ਐੱਸ. ਏ. ਐੱਸ. ਨਗਰ, 22 ਸਤੰਬਰ (ਪ੍ਰੋ. ਅਵਤਾਰ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਗਾਮੀ ਸਾਉਣੀ ਸੀਜ਼ਨ ਦੌਰਾਨ ਸੂਬੇ ਦੀਆਂ ਮੰਡੀਆਂ ’ਚੋਂ ਝੋਨੇ ਦਾ ਇਕ-ਇਕ ਦਾਣਾ ਖ਼ਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸਾਉਣੀ ਦੇ ਖ਼ਰੀਦ ਸੀਜ਼ਨ ਨੂੰ ਲੈ ਕੇ ਜ਼ਿਲ੍ਹਾ ਮੰਡੀ ਅਧਿਕਾਰੀਆਂ ਦੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਸੱਦੀ ਗਈ ਮੀਟਿੰਗ ਪ੍ਰਧਾਨਗੀ ਕਰਨ ਮੌਕੇ ਸਾਂਝੀ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਦੀਆਂ ਸਾਰੀਆਂ 1886 ਮੰਡੀਆਂ ਅਤੇ ਖ਼ਰੀਦ ਕੇਂਦਰਾਂ ‘ਚ ਝੋਨੇ ਦੀ ਫ਼ਸਲ ਦੀ ਖ਼ਰੀਦ ਸੰਬੰਧੀ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਵਪਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅਧਿਕਾਰੀਆਂ ਨੂੰ ਮੰਡੀਆਂ ‘ਚ ਸਾਫ਼-ਸਫ਼ਾਈ, ਨਿਰਵਿਘਨ ਬਿਜਲੀ ਸਪਲਾਈ, ਪੀਣ ਵਾਲੇ ਪਾਣੀ ਦੀ ਸਹੂਲਤ, ਪਖਾਨੇ ਅਤੇ ਬੈਠਣ ਸਮੇਤ ਵਿਆਪਕ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਖ਼ਰੀਦ ਪ੍ਰਕਿਰਿਆ ਦੌਰਾਨ ਮੰਡੀਆਂ ‘ਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਢੁਕਵੇਂ ਛਾਂਦਾਰ ਖੇਤਰ ਅਤੇ ਬੈਠਣ ਦੇ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਦੱਸਿਆ ਕਿ ਸੀਜ਼ਨ ਦੌਰਾਨ ਕਿਸਾਨਾਂ ਦੀ ਸਹੂਲਤ ਲਈ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾਵੇਗਾ, ਜੋ ਕਿ 1 ਅਕਤੂਬਰ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ‘ਚ ਟੈਲੀਫੋਨ ਨੰ. 0172-5101649 ਅਤੇ 0172-5101704 ‘ਤੇ ਸੰਪਰਕ ਕੀਤਾ ਜਾ ਸਕੇਗਾ ਤਾਂ ਜੋ ਸੀਜ਼ਨ ਦੌਰਾਨ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ। ਚੇਅਰਮੈਨ ਬਰਸਟ ਨੇ ਸਮੂਹ ਜ਼ਿਲ੍ਹਾ ਮੰਡੀ ਅਫ਼ਸਰਾਂ ਨੂੰ ਪੂਰੀ ਤਨ ਦੇਹੀ ਨਾਲ ਮੰਡੀਆਂ ‘ਚ ਝੋਨੇ ਦੀ ਖ਼ਰੀਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਸੀਜ਼ਨ ਦੌਰਾਨ ਮੰਡੀਆਂ ਅਤੇ ਖ਼ਰੀਦ ਕੇਂਦਰਾਂ ‘ਚ ਝੋਨੇ ਦੀ ਖ਼ਰੀਦ ਦੇ ਪੁਖਤਾ ਪ੍ਰਬੰਧ ਕਰਕੇ ਚੰਗੀ ਕਾਰਗੁਜਾਰੀ ਦੀ ਮਿਸਾਲ ਕਾਇਮ ਕੀਤੀ ਜਾਵੇ ਤਾਂ ਜੋ ਕਿਸਾਨ ਵੀ ਖੁਸ਼ੀ-ਖੁਸ਼ੀ ਆਪਣੀਆਂ ਫ਼ਸਲਾਂ ਨੂੰ ਬਿਨਾਂ ਕਿਸੇ ਔਕੜ ਤੋਂ ਵੇਚ ਸਕਣ। ਉਨ੍ਹਾਂ ਮੁੱਖ ਦਫ਼ਤਰ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਮੰਡੀ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਨਿੱਜੀ ਤੌਰ ‘ਤੇ ਮੰਡੀਆਂ ਦਾ ਦੌਰਾ ਕਰਨ ਅਤੇ ਜ਼ਮੀਨੀ ਪੱਧਰ ‘ਤੇ ਸਥਿਤੀ ਦੀ ਨਿਰੰਤਰ ਨਿਗਰਾਨੀ ਰੱਖਣ ਤਾਂ ਜੋ ਕਿਸੇ ਵੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾ ਸਕੇ। ਇਸ ਮੌਕੇ ਕੁਮਾਰ ਅਮਿਤ ਸਕੱਤਰ ਪੰਜਾਬ ਮੰਡੀ ਬੋਰਡ, ਹਰਜੀਤ ਸਿੰਘ ਸੰਧੂ ਸੰਯੁਕਤ ਸਕੱਤਰ, ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨੀਅਰ ਅਤੇ ਅਮਨਦੀਪ ਸਿੰਘ ਮੁੱਖ ਇੰਜੀਨੀਅਰ ਸਮੇਤ ਸਮੂਹ ਡਿਪਟੀ ਜਨਰਲ ਮੈਨੇਜਰ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਹਾਜ਼ਰ ਸਨ।