ਫਲਾਈਓਵਰ ਦੇ ਪਿੱਲਰਾਂ ’ ਤੇ ਲੱਗੇ ਇਸ਼ਤਿਹਾਰੀ ਪੋਸਟਰ ਕਰ ਰਹੇ ਨੇ ਸ਼ਹਿਰ ਨੂੰ ਗੰਦਾ ਐੱਨ.ਐੱਚ.ਏ. ਆਈ. ਦੀ ਅਣਦੇਖੀ ਕਾਰਨ ਸ਼ਹਿਰ ਦੀ ਖੂਬਸੂਰਤੀ ’ਤੇ ਲੱਗ ਰਿਹਾ ਦਾਗ
ਜ਼ੀਰਕਪੁਰ, 22 ਸਤੰਬਰ (ਮਨਿੰਦਰ ਸਿੰਘ)-ਸ਼ਹਿਰ ਵਿਚੋਂ ਲੰਘਦੇ ਫਲਾਈਓਵਰਾਂ ਅਤੇ ਪੁਲਾਂ ਦੇ ਪਿੱਲਰਾਂ ’ਤੇ ਬਿਨਾਂ ਮਨਜ਼ੂਰੀ ਲਗਾਏ ਜਾ ਰਹੇ ਇਸ਼ਤਿਹਾਰੀ ਪੋਸਟਰ ਜਿਥੇ ਸ਼ਹਿਰ ਦੀ ਖੂਬਸੂਰਤੀ ਨੂੰ ਦਾਗ ਲਗਾ ਰਹੇ ਹਨ, ਉਥੇ ਹੀ ਇਹ ਸੜਕੀ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਸਿਆਸੀ ਪਾਰਟੀਆਂ, ਕੋਚਿੰਗ ਸੈਂਟਰਾਂ, ਵਪਾਰੀ ਵਰਗ ਅਤੇ ਹੋਰ ਅਦਾਰਿਆਂ ਵਲੋਂ ਬਿਨਾਂ ਕਿਸੇ ਡਰ ਦੇ ਸਰਕਾਰੀ ਜਾਇਦਾਦਾਂ ‘ਤੇ ਥੋਕ ਦੇ ਭਾਅ ਪੋਸਟਰ ਚਿਪਕਾਏ ਜਾ ਰਹੇ ਹਨ।
ਫ
ਫਲਾਈਓਵਰ ਦੇ ਪਿੱਲਰਾਂ ’ਤੇ ਲੱਗੇ ਇਸ਼ਤਿਹਾਰੀ ਪੋਸਟਰ। ਤਸਵੀਰ : ਮਨਿੰਦਰ ਸਿੰਘ
22-09-2026
ਜ਼ੀਰਕਪੁਰ, 22 ਸਤੰਬਰ (ਮਨਿੰਦਰ ਸਿੰਘ)-ਸ਼ਹਿਰ ਵਿਚੋਂ ਲੰਘਦੇ ਫਲਾਈਓਵਰਾਂ ਅਤੇ ਪੁਲਾਂ ਦੇ ਪਿੱਲਰਾਂ ’ਤੇ ਬਿਨਾਂ ਮਨਜ਼ੂਰੀ ਲਗਾਏ ਜਾ ਰਹੇ ਇਸ਼ਤਿਹਾਰੀ ਪੋਸਟਰ ਜਿਥੇ ਸ਼ਹਿਰ ਦੀ ਖੂਬਸੂਰਤੀ ਨੂੰ ਦਾਗ ਲਗਾ ਰਹੇ ਹਨ, ਉਥੇ ਹੀ ਇਹ ਸੜਕੀ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਸਿਆਸੀ ਪਾਰਟੀਆਂ, ਕੋਚਿੰਗ ਸੈਂਟਰਾਂ, ਵਪਾਰੀ ਵਰਗ ਅਤੇ ਹੋਰ ਅਦਾਰਿਆਂ ਵਲੋਂ ਬਿਨਾਂ ਕਿਸੇ ਡਰ ਦੇ ਸਰਕਾਰੀ ਜਾਇਦਾਦਾਂ ‘ਤੇ ਥੋਕ ਦੇ ਭਾਅ ਪੋਸਟਰ ਚਿਪਕਾਏ ਜਾ ਰਹੇ ਹਨ। ਇਸ ਸੰਬੰਧੀ ਵਾਹਨ ਚਾਲਕਾਂ ਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਾਂ ਦੇ ਪਿੱਲਰਾਂ ‘ਤੇ ਲੱਗੇ ਵੱਡੇ-ਵੱਡੇ ਤੇ ਰੰਗ-ਬਿਰੰਗੇ ਪੋਸਟਰਾਂ ‘ਤੇ ਵਾਹਨ ਚਲਾਉਂਦੇ ਸਮੇਂ ਚਾਲਕਾਂ ਦੀ ਅਚਾਨਕ ਨਜ਼ਰ ਪੈ ਜਾਂਦੀ ਹੈ, ਜਿਸ ਨਾਲ ਧਿਆਨ ਭਟਕ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖਾਸ ਕਰ ਕੇ ਮੋੜਾਂ ਜਾਂ ਚੌਂਕਾਂ ਦੇ ਨੇੜੇ ਲੱਗੇ ਪੋਸਟਰਾਂ ਕਾਰਨ ਅਕਸਰ ਹੀ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਥਾਨਕ ਵਸਨੀਕਾਂ ਦਾ ਇਹ ਵੀ ਕਹਿਣਾ ਹੈ ਕਿ ਪੁਰਾਣੇ ਪੋਸਟਰਾਂ ਦੇ ਫਟਣ ਅਤੇ ਲਟਕਣ ਕਾਰਨ ਪੁਲਾਂ ਦੇ ਹੇਠਾਂ ਦਾ ਇਲਾਕਾ ਬਹੁਤ ਹੀ ਗੰਦਾ ਦਿਖਾਈ ਦਿੰਦਾ ਹੈ। ਸ਼ਹਿਰ ਦੀ ਖੂਬਸੂਰਤੀ ਨੂੰ ਬਣਾਏ ਰੱਖਣ ਲਈ ਸਰਕਾਰ ਵਲੋਂ ਸਮੇਂ-ਸਮੇਂ ‘ਤੇ ਲੱਖਾਂ ਰੁ. ਖਰਚ ਕੀਤੇ ਜਾਂਦੇ ਹਨ, ਪਰ ਪ੍ਰਸ਼ਾਸਨ ਦੀ ਢਿੱਲ ਕਾਰਨ ਇਹ ਪੋਸਟਰ ਸਾਰੇ ਉਪਰਾਲਿਆਂ ‘ਤੇ ਪਾਣੀ ਫੇਰ ਰਹੇ ਹਨ। ਸਥਾਨਕ ਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਐਨ. ਐਚ. ਏ. ਆਈ. ਦੇ ਅਧਿਕਾਰੀ ਸਭ ਕੁਝ ਦੇਖਦੇ ਹੋਏ ਵੀ ਅਣਜਾਣ ਬਣੇ ਹੋਏ ਹਨ। ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਤੇ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਲਾਂ ਦੇ ਪਿੱਲਰਾਂ ਤੋਂ ਸਾਰੇ ਨਾਜਾਇਜ਼ ਪੋਸਟਰ ਤੁਰੰਤ ਹਟਾਏ ਜਾਣ। ਉਨ੍ਹਾਂ ਕਿਹਾ ਕਿ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੇ ਹਾਦਸਿਆਂ ਨੂੰ ਸੱਦਾ ਦੇਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਤੇ ਭਾਰੀ ਜ਼ੁਰਮਾਨਾ ਲਗਾਇਆ ਜਾਵੇ। ਸਥਾਨਕ ਵਸਨੀਕਾਂ ਨੇ ਫਲਾਈਓਵਰ ਦੇ ਥੱਲੇ ਲੰਬੇ ਸਮੇਂ ਤੋਂ ਚੱਲ ਰਹੇ ਸੁੰਦਰੀਕਰਨ ਦਾ ਕੰਮ ਪੂਰਾ ਨਾ ਹੋਣ ‘ਤੇ ਵੀ ਸਵਾਲ ਉਠਾਏ। ਮਾਮਲੇ ਸੰਬੰਧੀ ਐਨ. ਐਚ. ਏ. ਆਈ ਦੇ ਪ੍ਰਾਜੈਕਟ ਮੈਨੇਜਰ ਅਮਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸੰਬੰਧੀ ਜਾਣਕਾਰੀ ਨਹੀਂ ਹੈ। ਉਹ ਕੱਲ ਨੂੰ ਟੀਮ ਭੇਜ ਕੇ ਇਸ ਬਾਰੇ ਪਤਾ ਕਰਵਾਉਣਗੇ।